ਦਫਤਰ, ਜ਼ਿਲ੍ਹਾ ਲੋਕ ਸੰਪਰਕ ਅਫਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ
‘ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਡੇਰਾਬੱਸੀ ਦੇ ਪਿੰਡ ਅਮਲਾਲਾ ਦੇ ਕਮਿਊਨਿਟੀ ਸੈਂਟਰ ਵਿਖੇ 2 ਅਗਸਤ ਨੂੰ ਲੱਗੇਗਾ ਕੈਂਪ
ਕੈਂਪ ਵਿੱਚ ਅਮਲਾਲਾ, ਚਡਿਆਲਾ, ਬੈਰ ਮਾਜਰਾ, ਬਰੌਲੀ, ਕਾਰਕੌਰ ਅਤੇ ਸ਼ੇਖਪੁਰ ਕਲਾਂ ਪਿੰਡਾਂ ਦੇ ਵਸਨੀਕ ਦੇ ਸਕਦੇ ਹਨ ਅਰਜ਼ੀਆਂ
ਲੋਕਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਸੁਵਿਧਾ ਕੈਂਪ ਵਿੱਚ ਮੌਕੇ ਤੇ ਕੀਤਾ ਜਾਵੇਗਾ ਹੱਲ: ਐਸ.ਡੀ.ਐਮ ਹਿਮਾਂਸ਼ੂ ਗੁਪਤਾ
ਐੱਸ.ਏ.ਐੱਸ. ਨਗਰ/ਡੇਰਾਬੱਸੀ, 01 ਅਗਸਤ, 2024:
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀਆਂ ਮੁਸ਼ਕਿਲਾਂ ਦੇ ਨਿਪਟਾਰੇ ਲਈ ਲੋਕਾਂ ਤੱਕ ਪਹੁੰਚ ਕਰਕੇ ਸੁਵਿਧਾ ਦੇਣ ਲਈ ਸ਼ੁਰੂ ਕੀਤੀ ‘ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਸ਼ੁਰੂ ਕੀਤੇ ਕੈਪਾਂ ਦੀ ਲੜੀ ਵਜੋਂ 2 ਅਗਸਤ ਨੂੰ ਡੇਰਾਬੱਸੀ ਦੇ ਪਿੰਡ ਅਮਲਾਲਾ (ਕਮਿਊਨਿਟੀ ਸੈਂਟਰ) ਵਿਖੇ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਦਾ ਸਮਾਂ ਸਵੇਰੇ 10.00 ਵਜੇ ਤੋਂ ਦੁਪਿਹਰ 1.00 ਵਜੇ ਤੱਕ ਦਾ ਹੋਵੇਗਾ। ਇਸ ਕੈਂਪ ਵਿੱਚ ਅਮਲਾਲਾ, ਚਡਿਆਲਾ, ਬੈਰ ਮਾਜਰਾ, ਬਰੌਲੀ, ਕਾਰਕੌਰ ਅਤੇ ਸ਼ੇਖਪੁਰ ਕਲਾਂ ਵਸਨੀਕ ਅਰਜ਼ੀਆਂ ਦੇ ਸਕਦੇ ਹਨ।
ਵਧੇਰੇ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਹਿਮਾਂਸ਼ੂ ਗੁਪਤਾ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਨੇ ਆਮ ਲੋਕਾਂ ਨੂੰ ਉਨ੍ਹਾਂ ਦੇ ਸਰਕਾਰੀ ਦਫ਼ਤਰਾਂ ਨਾਲ ਸਬੰਧਤ ਸਰਕਾਰੀ ਕੰਮਾਂ ਦੌਰਾਨ ਦਫਤਰਾਂ ਵਿਖੇ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਦਿਵਾਉਣ ਦੇ ਉਦੇਸ਼ ਨਾਲ ‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਲਗਾਏ ਜਾ ਰਹੇ ਕੈਂਪਾਂ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ਅਤੇ ਲੋਕਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਮੌਕੇ ’ਤੇ ਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਗਾਏ ਜਾ ਰਹੇ ਅਜਿਹੇ ਕੈਪਾਂ ਦਾ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਜਿਹੜੇ ਲੋਕ ਆਪਣੇ ਰੋਜ਼ ਦੇ ਕੰਮਾਂ ਕਾਰਨ ਦਫਤਰਾਂ ਵਿਚ ਪੁੱਜਣ ਤੋਂ ਅਸਮਰੱਥ ਹਨ, ਉਨ੍ਹਾਂ ਲਈ ਇਹ ਕੈਂਪ ਹੋਰ ਵੀ ਲਾਹੇਵੰਦ ਸਾਬਤ ਹੋ ਰਹੇ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਹਾਸਲ ਕਰਨ ਲਈ ਹੈਲਪ ਲਾਈਨ ਨੰਬਰ 1076 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਇਨ੍ਹਾਂ ਕੈਂਪਾਂ ਵਿੱਚ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਰਟੀਫਿਕੇਟ, ਬੁਢਾਪਾ, ਦਿਵਿਆਂਗ ਅਤੇ ਆਸ਼ਰਿਤ ਪੈਨਸ਼ਨ, ਜਨਮ ਸਰਟੀਫਿਕੇਟ ’ਚ ਨਾਂ ਦੀ ਤਬਦੀਲੀ, ਬਿਜਲੀ ਦੇ ਬਿੱਲਾਂ ਦੇ ਭੁਗਤਾਨ, ਮਾਲ ਵਿਭਾਗ ਸਬੰਧੀ ਰਿਕਾਰਡ ਦੀ ਪੜਤਾਲ, ਵਿਆਹ ਦੀ ਰਜਿਸਟ੍ਰੇਸ਼ਨ, ਮੌਤ ਦੇ ਸਰਟੀਫਿਕੇਟ ਦੀ ਇਕ ਤੋਂ ਵੱਧ ਕਾਪੀਆਂ, ਪੇਂਡੂ ਖੇਤਰ ਸਰਟੀਫਿਕੇਟ, ਫਰਦ ਬਣਾਉਣੀ, ਸ਼ਗਨ ਸਕੀਮ, ਜ਼ਮੀਨ ਦੀ ਨਿਸ਼ਾਨਦੇਹੀ, ਐੱਨ.ਆਰ. ਆਈ. ਦੇ ਸਰਟੀਫਿਕੇਟਾਂ ਦੇ ਕਾਊਂਟਰ ਦਸਤਖ਼ਤ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਕਾਊਂਟਰ ਦਸਤਖ਼ਤ, ਮੌਤ ਸਰਟੀਫਿਕੇਟ ’ਚ ਤਬਦੀਲੀ ਆਦਿ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।