ਗੁਲਾਬ ਚੰਦ ਕਟਾਰੀਆ ਨੇ ਪੰਜਾਬ ਦੇ 37ਵੇਂ ਰਾਜਪਾਲ ਵਜੋਂ ਸਹੁੰ ਚੁੱਕੀ
ਚੰਡੀਗੜ੍ਹ, 31 ਜੁਲਾਈ
ਸ੍ਰੀ ਗੁਲਾਬ ਚੰਦ ਕਟਾਰੀਆ ਨੇ ਬੁੱਧਵਾਰ ਨੂੰ ਪੰਜਾਬ ਦੇ 37ਵੇਂ ਰਾਜਪਾਲ ਵਜੋਂ ਸਹੁੰ ਚੁੱਕੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ, ਮਾਨਯੋਗ ਜਸਟਿਸ ਸ਼ੀਲ ਨਾਗੂ ਨੇ ਪੰਜਾਬ ਰਾਜ ਭਵਨ ਵਿਖੇ ਸ੍ਰੀ ਗੁਲਾਬ ਚੰਦ ਕਟਾਰੀਆ ਨੂੰ ਅਹੁਦੇ ਦੀ ਸਹੁੰ ਚੁਕਾਈ। ਇਸ ਮੌਕੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੀ ਹਾਜ਼ਰ ਸਨ।
ਸ੍ਰੀ ਗੁਲਾਬ ਚੰਦ ਕਟਾਰੀਆ ਨੇ ਹਿੰਦੀ ਵਿੱਚ ਸਹੁੰ ਚੁੱਕੀ। ਉਨ੍ਹਾਂ ਨੇ ਹਲਫ਼ ਦਸਤਾਵੇਜ਼ 'ਤੇ ਦਸਤਖ਼ਤ ਕੀਤੇ, ਜਿਸ 'ਤੇ ਚੀਫ ਜਸਟਿਸ ਦੇ ਵੀ ਹਸਤਾਖਰ ਸਨ। ਬਾਅਦ ਵਿੱਚ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼, ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਤੌਰ 'ਤੇ ਚਾਰਜ ਲੈਣ ਲਈ ਵੱਖ-ਵੱਖ ਚਾਰਜ ਰਿਪੋਰਟਾਂ 'ਤੇ ਦਸਤਖ਼ਤ ਕੀਤੇ।
ਇਸ ਤੋਂ ਪਹਿਲਾਂ ਰਾਜਪਾਲ, ਪੰਜਾਬ ਰਾਜ ਭਵਨ ਦੇ ਗੁਰੂ ਨਾਨਕ ਦੇਵ ਆਡੀਟੋਰੀਅਮ ਵਿਖੇ ਰਵਾਇਤੀ ਰਸਮਾਂ ਦੌਰਾਨ ਹਲਫ਼ ਸਮਾਗਮ ਵਿੱਚ ਪਹੁੰਚੇ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਵੀ ਉਨ੍ਹਾਂ ਨਾਲ ਸਨ।
ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਸਮਾਗਮ ਸ਼ੁਰੂ ਕਰਨ ਦੀ ਇਜਾਜ਼ਤ ਮੰਗੀ ਅਤੇ ਗੁਲਾਬ ਚੰਦ ਕਟਾਰੀਆ ਦੀ ਪੰਜਾਬ ਦੇ ਰਾਜਪਾਲ ਵਜੋਂ ਨਿਯੁਕਤੀ ਦੇ ਵਾਰੰਟ ਪੜ੍ਹ ਕੇ ਸੁਣਾਏ।