ਦਫਤਰ ਵਿਚ ਈ.ਆਫਿਸ ਮੁਕੰਮਲ ਤੌਰ ਤੇ ਲਾਗੂ ਕਰਨ ਵਾਲੀ ਪਹਿਲੀ ਕਾਰਪੋਰੇਸ਼ਨ ਬਣੀ ਨਗਰ ਨਿਗਮ ਅਬੋਹਰ
ਵਧੇਗੀ ਹੋਰ ਪਾਰਦਰਸ਼ਤਾ, ਆਨਲਾਈਨ ਵਿਧੀ ਰਾਹੀਂ ਕੰਮ ਹੋਰ ਹੋਵੇਗਾ ਸੁਖਾਲਾ-ਡਾ. ਸੇਨੂ ਦੁੱਗਲ
ਫਾਜਿਲਕਾ 31 ਜੁਲਾਈ
ਪੰਜਾਬ ਸਰਕਾਰ ਵੱਲੋਂ ਸਮੂਹ ਵਿਭਾਗਾਂ ਵਿੱਚ ਆਨਲਾਈਨ ਈ ਆਫਿਸ ਵਿਧੀ ਸ਼ੁਰੂ ਕੀਤੀ ਗਈ ਹੈ। ਇਸ ਵਿਧੀ ਨਾਲ ਦਫਤਰੀ ਕੰਮਾਂ ਵਿੱਚ ਹੋਰ ਪਾਰਦਰਸ਼ਤਾ ਅਤੇ ਤੇਜੀ ਲਿਆਉਣ ਦੇ ਨਾਲ-ਨਾਲ ਆਨਲਾਈਨ ਵਿਧੀ ਰਾਹੀਂ ਕਿਤੇ ਵੀ ਫਾਈਲ ਨੁੰ ਦੇਖਿਆ ਅਤੇ ਉਸ *ਤੇ ਕੰਮ ਕੀਤਾ ਜਾ ਸਕਦਾ ਹੈ। ਦਫਤਰ ਵਿਚ ਈ.ਆਫਿਸ ਨੂੰ ਮੁਕੰਮਲ ਤੌਰ *ਤੇ ਲਾਗੂ ਕਰਨ ਵਾਲੀ ਨਗਰ ਨਿਗਮ ਅਬੋਹਰ ਪੂਰੇ ਸੂਬੇ ਵਿੱਚੋ ਪਹਿਲੀ ਕਾਰਪੋਰੇਸ਼ਨ ਬਣੀ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਮਿਉਸੀਪਲ ਕਮਿਸ਼ਨਰ–ਕਮ-ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦਿੱਤੀ।
ਨਗਰ ਨਿਗਮ ਦੇ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਹਦਾਇਤ ਹੈ ਕਿ ਲੋਕਾਂ ਦੇ ਕੰਮਾਂ ਨੂੰ ਨਿਯਮਾਂ ਅਨੁਸਾਰ ਤੈਅ ਸਮੇਂ ਅੰਦਰ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਖਜਲ-ਖੁਆਰੀ ਤੋਂ ਬਿਨਾਂ ਲੋਕਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਨਗਰ ਨਿਗਮ ਦਫਤਰ ਵਿਖੇ ਈ.ਆਫਿਸ ਪੋਰਟਲ ਨੂੰ ਲਾਗੂ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਨਗਰ ਨਿਗਮ ਅਬੋਹਰ ਵਿਖੇ 50 ਤੋਂ ਵਧੇਰੇ ਕਰਮਚਾਰੀ ਕੰਮ ਕਰ ਰਹੇ ਹਨ| ਈ.ਆਫਿਸ ਨੂੰ ਚਲਾਉਣ ਲਈ ਵਿਭਾਗ ਦੇ ਹਰੇਕ ਕਰਮਚਾਰੀ ਨੂੰ ਲੋਗਇਨ ਆਈਡੀ ਅਤੇ ਪਾਸਵਰਡ ਮੁਹਈਆ ਕਰਵਾਇਆ ਗਿਆ ਹੈ। ਇਸ ਆਈ.ਡੀ. ਅਤੇ ਪਾਸਵਰਡ ਨਾਲ ਸਬੰਧਤ ਕਰਮਚਾਰੀ ਪੋਰਟਲ *ਤੇ ਲਾਗਇਨ ਕਰਕੇ ਫਾਈਲ/ਦਰਖਾਸਤ *ਤੇ ਕੰਮ ਕਰਨ ਉਪਰੰਤ ਆਪਣੇ ਉਚ ਅਧਿਕਾਰੀ ਨੂੰ ਅਗਲੇਰੀ ਕਾਰਵਾਈ ਲਈ ਭੇਜੇਗਾ ਜੋ ਕਿ ਉਸ *ਤੇ ਯੋਗ ਕਾਰਵਾਈ ਕਰਕੇ ਦਰਖਾਸਤ/ਫਾਈਲ ਦਾ ਨਿਪਟਾਰਾ ਕਰ ਸਕੇਗਾ। ਇਸ ਈ-ਆਫਿਸ ਆਨਲਾਈਨ ਵਿਧੀ ਰਾਹੀਂ ਕੰਮ ਜਲਦ ਤੋਂ ਜਲਦ ਹੋ ਸਕੇਗਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵਿਖੇ ਜੋ ਵੀ ਦਫਤਰੀ ਕੰਮ ਕੀਤੇ ਜਾਂਦੇ ਹਨ ਹੁਣ ਉਹ ਆਨਲਾਈਨ ਪੋਰਟਲ *ਤੇ ਹੀ ਕੀਤੇ ਜਾਣਗੇ।
ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਈ ਆਫਿਸ ਅਕਾਊਟ ਦੀ ਵਰਤੋਂ ਕਰਨੀ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਹਰੇਕ ਵਿਭਾਗੀ ਅਧਿਕਾਰੀ ਆਪਣੇ ਈ ਆਫਿਸ ਅਕਾਉਟ ਵਿਚ ਆਉਣ ਵਾਲੀਆਂ ਫਾਈਲਾਂ ਦਾ ਬਿਨ੍ਹਾਂ ਕਿਸੇ ਦੇਰੀ ਦੇ ਨਿਪਟਾਰਾ ਕਰੇ ਤੇ ਇਸ ਕੰਮ ਵਿੱਚ ਦੇਰੀ ਤੇ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਨਲਾਈਨ ਈ ਆਫਿਸ ਵਿਧੀ ਨਾਲ ਜਿਥੇ ਕੰਮ ਕਰਨ ਵਿੱਚ ਸਮੇਂ ਦੀ ਬਚਤ ਹੋਵੇਗੀ ਉਥੇ ਇਸ ਪੇਪਰਲੈਸ ਵਿਧੀ ਦੀ ਵਰਤੋ ਕਰਕੇ ਦਫਤਰੀ ਰਿਕਾਰਡ ਨੂੰ ਸੰਭਾਲਣਾ ਵੀ ਆਸਾਨ ਹੋਵੇਗਾ |