ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫ਼ਿਰੋਜ਼ਪੁਰ
ਵਿਸ਼ਵ ਹੈਪੇਟਾਈਟਸ ਦਿਵਸ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ
ਫ਼ਿਰੋਜ਼ਪੁਰ, 29 ਜੁਲਾਈ 2024 :
ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਸਿਹਤ ਵਿਭਾਗ ਵੱਲੋਂ ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ।
ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਨੇ ਕਿਹਾ ਕਿ ਹੈਪੇਟਾਈਟਸ ਜਿਗਰ ਦੀ ਬਿਮਾਰੀ ਹੈ ਜਿਹੜੀ ਕਿ ਵਾਇਰਸ ਕਾਰਨ ਫੈਲਦੀ ਹੈ। ਇਹ ਬਿਮਾਰੀ ਬਹੁਤ ਖਤਰਨਾਕ ਅਤੇ ਜਾਨਲੇਵਾ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਹੈਪੇਟਾਈਟਸ ਬੀ ਅਤੇ ਸੀ ਦਾ ਇਲਾਜ਼ ਪੰਜਾਬ ਦੇ 22 ਸਰਕਾਰੀ ਹਸਪਤਾਲਾਂ, 3 ਸਰਕਾਰੀ ਮੈਡੀਕਲ ਕਾਲਜਾਂ, 2 ਸਬ ਡਿਵੀਜ਼ਨਲ ਹਸਪਤਾਲਾਂ, 13 ਏ ਆਰ ਟੀ ਸੈਂਟਰਾਂ ਅਤੇ 11 ਓ.ਐਸ.ਟੀ. ਸੈਂਟਰਾਂ 'ਤੇ ਉਪਲੱਬਧ ਹੈ। ਹੈਪੇਟਾਈਟਸ ਸੀ ਦੇ ਸਾਰੇ ਟੈਸਟ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਹੈਪੇਟਾਈਟਸ ਚਾਰ ਪ੍ਰਕਾਰ ਦਾ ( ਏ, ਬੀ, ਸੀ ਅਤੇ ਈ ) ਹੁੰਦਾ ਹੈ। ਹੈਪੇਟਾਈਟਸ ਏ ਅਤੇ ਈ ਦੂਸ਼ਤ ਪਾਣੀ ਪੀਣ ਨਾਲ, ਮੱਖੀਆਂ ਦੁਆਰਾ ਕੀਤਾ ਦੂਸ਼ਤ ਭੋਜਨ ਖਾਣ ਨਾਲ ਅਤੇ ਹੱਥ ਧੋਤੇ ਬਿਨਾਂ ਗੰਦੇ ਹੱਥਾਂ ਨਾਲ ਖਾਣਾ ਖਾਣ ਨਾਲ ਹੁੰਦਾ ਹੈ। ਇਸ ਨਾਲ ਹੋਈ ਬਿਮਾਰੀ ਦੇ ਲੱਛਣ ਹਲਕਾ ਬੁਖਾਰ ਅਤੇ ਮਾਸਪੇਸ਼ੀਆਂ ਵਿੱਚ ਦਰਦ ਹੋਣਾ, ਭੁੱਖ ਨਾ ਲੱਗਣਾ, ਉਲਟੀਆਂ ਆਉਣੀਆਂ, ਕਮਜ਼ੋਰੀ ਮਹਿਸੂਸ ਕਰਨਾ, ਜਿਗਰ ਖਰਾਬ ਹੋਣਾ ਅਤੇ ਪਿਸ਼ਾਬ ਦਾ ਰੰਗ ਗੂੜ੍ਹਾ ਪੀਲਾ ਹੋਣਾ ਹਨ।
ਡਿਪਟੀ ਮਾਸ ਮੀਡੀਆ ਅਫ਼ਸਰ ਸੰਦੀਪ ਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੈਪੇਟਾਈਟਸ ਬੀ ਅਤੇ ਸੀ (ਕਾਲਾ ਪੀਲੀਆ) ਫੈਲਣ ਦਾ ਕਾਰਨ ਨਸ਼ਿਆਂ ਦੇ ਟੀਕਿਆਂ ਦਾ ਸਾਂਝਾ ਇਸਤੇਮਾਲ ਕਰਨਾ, ਦੂਸ਼ਤ ਖੂਨ ਚੜਾਉਣ ਨਾਲ, ਸ਼ਰੀਰ ਉੱਤੇ ਟੈਟੂ ਬਣਵਾਉਣ ਨਾਲ, ਲੰਬੇ ਸਮੇਂ ਤੱਕ ਗੁਰਦਿਆਂ ਦਾ ਡਾਇਲੇਸਿਸ ਹੋਣਾ ਮੁੱਖ ਕਾਰਨ ਹੈ। ਇਸ ਬਿਮਾਰੀ ਦੇ ਲੱਛਣ ਬੁਖਾਰ ਅਤੇ ਕਮਜ਼ੋਰੀ ਮਹਿਸੂਸ ਕਰਨਾ, ਭੁੱਖ ਨਾ ਲੱਗਣਾ, ਪਿਸ਼ਾਬ ਪੀਲਾ ਆਉਣਾ, ਜਿਗਰ ਖਰਾਬ ਹੋਣਾ ਅਤੇ ਜਿਗਰ ਦਾ ਕੈਂਸਰ ਹੋਣਾ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਬਚਾਅ ਲਈ ਨਸ਼ੀਲਿਆਂ ਟੀਕਿਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਸੂਈਆਂ ਦਾ ਸਾਂਝਾ ਇਸਤੇਮਾਲ ਕਰਨਾ ਚਾਹੀਦਾ ਹੈ। ਮੇਲਿਆਂ ਵਿੱਚ ਟੈਟੂ ਨਹੀਂ ਬਨਵਾਉਣੇ ਚਾਹੀਦੇ ਅਤੇ ਨਾ ਹੀ ਕਿਸੇ ਹੋਰ ਦਾ ਇਸਤੇਮਾਲ ਕੀਤਾ ਦੰਦ ਸਾਫ ਕਰਨ ਵਾਲਾ ਬੂਰਸ਼ ਅਤੇ ਸ਼ੇਵ ਕਰਨ ਵਾਲਾ ਰੇਜਰ ਇਸਤੇਮਾਲ ਨਹੀਂ ਕਰਨਾ ਚਾਹੀਦਾ। ਇੱਸ ਤੋਂ ਇਲਾਵਾ ਸਮੇਂ-ਸਮੇਂ ਤੇ ਡਾਕਟਰੀ ਜਾਂਚ ਕਰਵਾਉਣ ਦੇ ਨਾਲ-ਨਾਲ ਲੋੜ ਪੈਣ ਤੇ ਸਰਕਾਰੀ ਬਲੱਡ ਬੈਂਕ ਤੋਂ ਹੀ ਮਰੀਜ਼ ਲਈ ਟੈਸਟ ਕੀਤਾ ਖੂਨ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ।
ਇਸ ਮੌਕੇ ਸਾਇੰਸ ਮਿਸਟ੍ਰੈਸ ਮਿਲੀ ਸੋਈ, ਅੰਗਰੇਜ਼ੀ ਅਧਿਆਪਕ ਸੁਖਵਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।