ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਡੀ ਆਈ ਜੀ ਨੀਲਾਂਬਰੀ ਜਗਦਲੇ ਦੀ ਅਗਵਾਈ ਵਿੱਚ ਬਲੌਂਗੀ ਖੇਤਰ ਵਿੱਚ ਘੇਰਾਬੰਦੀ ਅਤੇ ਸਰਚ ਆਪਰੇਸ਼ਨ ਚਲਾਇਆ ਗਿਆ
ਨਾਰਕੋਟਿਕਸ ਸਨੀਫਰ ਡੌਗ ਸਕੁਐਡ ਵੀ ਕੀਤੇ ਗਏ ਆਪਰੇਸ਼ਨ ਵਿੱਚ ਸ਼ਾਮਲ
ਪੁਲਿਸ ਨੇ ਕਾਸੋ ਆਪਰੇਸ਼ਨ ਦੌਰਾਨ 19 ਸ਼ੱਕੀ ਵਿਅਕਤੀਆਂ ਨੂੰ 14 ਵਾਹਨਾਂ ਸਮੇਤ ਕਾਬੂ ਕੀਤਾ
ਰੂਪਨਗਰ ਰੇਂਜ ਪੁਲਿਸ ਨੇ 78 ਐਫ.ਆਈ.ਆਰਜ਼ ਵਿੱਚ 104 ਨਸ਼ਾ ਤਸਕਰਾਂ ਨੂੰ ਸਲਾਖਾਂ ਪਿੱਛੇ ਭੇਜਿਆ
ਐਸ.ਏ.ਐਸ.ਨਗਰ, 4 ਜੁਲਾਈ, 2024:
ਨਸ਼ਿਆਂ ਵਿਰੁੱਧ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ ਜੀ ਪੀ ਗੌਰਵ ਯਾਦਵ ਦੀ ਵਚਨਬੱਧਤਾ ਦੇ ਮੱਦੇਨਜ਼ਰ, ਐਸ.ਏ.ਐਸ.ਨਗਰ ਪੁਲਿਸ ਨੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਰੂਪਨਗਰ ਰੇਂਜ, ਨੀਲਾਂਬਰੀ ਜਗਦਲੇ ਦੀ ਅਗਵਾਈ ਵਿੱਚ ਅੱਜ ਸ਼ਾਮ ਬਲੌਂਗੀ ਖੇਤਰ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਚਲਾਇਆ ਗਿਆ।
ਆਪਰੇਸ਼ਨ ਤੋਂ ਬਾਅਦ ਐਸ ਐਸ ਪੀ ਡਾ. ਸੰਦੀਪ ਗਰਗ ਦੇ ਨਾਲ ਮੀਡੀਆ ਨਾਲ ਗੱਲਬਾਤ ਕਰਦਿਆਂ ਡੀ ਆਈ ਜੀ ਨੀਲਾਂਬਰੀ ਜਗਦਲੇ ਨੇ ਦੱਸਿਆ ਕਿ 17 ਜੂਨ ਤੋਂ ਸੂਬੇ ਭਰ ਵਿੱਚ ਘੇਰਾਬੰਦੀ ਤੇ ਸਰਚ ਆਪਰੇਸ਼ਨ ਦੀ ਸ਼ੁਰੂਆਤ ਕੀਤੀ ਗਈ ਸੀ ਤਾਂ ਜੋ ਨਸ਼ਾ ਤਸਕਰਾਂ ਅਤੇ ਸਪਲਾਇਰਾਂ ਦੇ ਅਗਲੇ ਅਤੇ ਪਿੱਛਲੇ ਸਬੰਧਾਂ ਦੀ ਜਾਂਚ ਕੀਤੀ ਜਾ ਸਕੇ। ਸਪਲਾਈ ਚੇਨ ਨੂੰ ਤੋੜਨ ਦੇ ਉਦੇਸ਼ ਨਾਲ ਕੀਤੀ ਗਈ ਕਾਰਵਾਈ ਦੌਰਾਨ ਪੁਲਿਸ ਨੂੰ ਪਤਾ ਲੱਗਾ ਹੈ ਕਿ ਨਸ਼ਾ ਤਸਕਰਾਂ ਨੇ ਆਪਣੀ ਰਣਨੀਤੀ ਬਦਲਦੇ ਹੋਏ ਨਸ਼ੇ ਨੂੰ ਹੋਰ ਥਾਵਾਂ 'ਤੇ ਛੁਪਾ ਕੇ ਰੱਖਣਾ ਸ਼ੁਰੂ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਛੁਪਣਗਾਹ ਦਾ ਪਤਾ ਲਗਾਉਣ ਲਈ, ਅੱਜ ਕਾਸੋ ਦੌਰਾਨ ਨਾਰਕੋਟਿਕਸ ਸਨੀਫਰ ਡੌਗ ਸਕੁਐਡ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਰੂਪਨਗਰ ਰੇਂਜ ਵਿੱਚ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ਦੌਰਾਨ 10 ਕਿਲੋ ਅਫੀਮ, 650 ਗ੍ਰਾਮ ਹੈਰੋਇਨ ਤੋਂ ਇਲਾਵਾ ਗਾਂਜਾ ਅਤੇ ਭੁੱਕੀ ਵਰਗੇ ਹੋਰ ਨਸ਼ੀਲੇ ਪਦਾਰਥਾਂ ਦੀ ਸਮੂਹਿਕ ਬਰਾਮਦਗੀ ਕੀਤੀ ਗਈ ਹੈ। ਰੇਂਜ ਵਿੱਚ 78 ਐਫਆਈਆਰਜ਼ ਵਿੱਚ ਕੁੱਲ 104 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਰੇਂਜ ਦੇ ਸਮੂਹ ਪੁਲਿਸ ਮੁਲਾਜ਼ਮ ਨਸ਼ਾ ਤਸਕਰਾਂ ਅਤੇ ਸਪਲਾਇਰਾਂ ਨੂੰ ਨੱਥ ਪਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ।
ਡੀਆਈਜੀ ਨੇ ਅੱਗੇ ਕਿਹਾ, "ਅਸੀਂ ਸਪਲਾਈ ਦੇ ਰੂਟਾਂ ਨੂੰ ਤੋੜ ਰਹੇ ਹਾਂ ਭਾਵੇਂ ਇਹ ਰਾਜ ਤੋਂ ਬਾਹਰੀ ਹੋਵੇ ਜਾਂ ਅੰਤਰਰਾਜੀ। ਡੀਆਈਜੀ ਨੇ ਅੱਗੇ ਕਿਹਾ ਕਿ ਨਸ਼ਿਆਂ ਖਿਲਾਫ਼ ਇੱਕ ਬਹੁ-ਪੱਧਰੀ ਹਮਲਾ ਸ਼ੁਰੂ ਕੀਤਾ ਗਿਆ ਹੈ ਜੋ ਕਿ ਛਾਪੇਮਾਰੀ ਤੱਕ ਸੀਮਤ ਨਹੀਂ ਹੈ, ਸਗੋਂ ਸਿਵਲ ਪ੍ਰਸ਼ਾਸਨ, ਸਿਹਤ ਵਿਭਾਗ, ਸਿੱਖਿਆ ਵਿਭਾਗ, ਜ਼ੋਨਲ ਲਾਇਸੈਂਸਿੰਗ ਅਥਾਰਟੀ, ਖੇਤੀਬਾੜੀ ਵਿਭਾਗ ਅਤੇ ਜੀਐਸਟੀ ਵਿਭਾਗ ਦੇ ਸਹਿਯੋਗ ਅਤੇ ਭਾਗੀਦਾਰੀ ਰਾਹੀਂ ਸਿੱਖਿਆ, ਜਾਗਰੂਕਤਾ, ਕੌਂਸਲਿੰਗ, ਇਲਾਜ, ਪੁਨਰਵਾਸ ਅਤੇ ਜਾਂਚ ਦੇ ਮੰਤਵ ਲਈ ਨਸ਼ਿਆਂ ਦੇ ਖਾਤਮੇ ਲਈ ਇੱਕ ਸਾਂਝੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਐੱਨ. ਕੋਰਡ ਅਧੀਨ ਬਣਾਈ ਗਈ ਜ਼ਿਲ੍ਹਾ ਕਮੇਟੀ ਦੀ ਡਿਪਟੀ ਕਮਿਸ਼ਨਰ ਅਤੇ ਹੋਰ ਵਿਭਾਗਾਂ ਦੀ ਸ਼ਮੂਲੀਅਤ ਨਾਲ ਮੀਟਿੰਗ ਵੀ ਕੀਤੀ ਗਈ ਹੈ।
ਡੀਆਈਜੀ ਨੇ ਅੱਗੇ ਦੱਸਿਆ ਕਿ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਐਸ.ਏ.ਐਸ.ਨਗਰ ਜ਼ਿਲ੍ਹੇ ਦੇ ਸਾਰੇ ਹਾਟ ਸਪਾਟਸ, ਡਾਰਕ ਸਪਾਟਸ, ਓਵਰਲੈਪਿੰਗ ਅਤੇ ਸੰਵੇਦਨਸ਼ੀਲ ਖੇਤਰਾਂ ਤੱਕ ਵਧਾ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹੇ ਵਿੱਚੋਂ ਨਸ਼ਿਆਂ ਨੂੰ ਦੂਰ ਕਰਨ ਦੇ ਯਤਨਾਂ ਨਾਲ ਆਮ ਲੋਕਾਂ ਨੂੰ ਜੋੜਨ ਲਈ ਉਨ੍ਹਾਂ ਤੋਂ ਤਸਕਰਾਂ ਅਤੇ ਸਪਲਾਇਰਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾਵੇਗੀ।
ਐਸਐਸਪੀ ਡਾ: ਸੰਦੀਪ ਗਰਗ ਨੇ ਅੱਗੇ ਦੱਸਿਆ ਕਿ ਅੱਜ ਦੇ ਘੇਰਾਬੰਦੀ ਅਤੇ ਸਰਚ ਆਪਰੇਸ਼ਨ ਦੌਰਾਨ 19 ਸ਼ੱਕੀ ਵਿਅਕਤੀਆਂ ਨੂੰ 14 ਵਾਹਨਾਂ ਸਮੇਤ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਦੀ ਪੜਤਾਲ ਕੀਤੀ ਜਾ ਰਹੀ ਹੈ।