ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫਾਜ਼ਿਲਕਾ
ਝੋਨੇ ਦੀ ਸਿੱਧੀ ਬਿਜਾਈ ਵਿੱਚ ਫਾਜ਼ਿਲਕਾ ਪੰਜਾਬ ਵਿੱਚ ਮੋਹਰੀ-ਡਿਪਟੀ ਕਮਿਸ਼ਨਰ
ਫਾਜ਼ਿਲਕਾ 28 ਜੁਲਾਈ 2024…..
ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਵਿੱਚ ਫਾਜ਼ਿਲਕਾ ਜ਼ਿਲ੍ਹਾ ਪੰਜਾਬ ਵਿੱਚ ਮੋਹਰੀ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਲ 2024-25 ਦੌਰਾਨ ਫਾਜ਼ਿਲਕਾ ਜ਼ਿਲ੍ਹੇ ਵਿੱਚ 4447 ਕਿਸਾਨਾਂ ਨੇ ਪੋਰਟਲ ਅਪਲਾਈ ਕੀਤਾ ਹੈ ਜੋ ਕਿ 48,164 ਏਕੜ ਰਕਬਾ ਰਜਿਸਟਰ ਹੋਇਆ ਹੈ। ਜਿਸ ਕਾਰਨ ਫਾਜ਼ਿਲਕਾ ਪੰਜਾਬ ਵਿੱਚ ਪਹਿਲੇ ਨੰਬਰ ਤੇ ਚੱਲ ਰਿਹਾ ਹੈ ਤੇ ਸ੍ਰੀ ਮੁਕਤਸਰ ਸਾਹਿਬ ਦਾ 45,040 ਏਕੜ ਰਕਬਾ ਰਜਿਸਟਰ ਹੋਇਆ ਹੈ ਜਿਸ ਕਾਰਨ ਉਹ ਦੂਜੇ ਨੰਬਰ ਤੇ ਚੱਲ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਜਿਸ ਕਿਸਾਨ ਨੇ ਵੀ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ, ਉਹ 30 ਜੂਨ ਤੱਕ ਅਪਣੀ ਰਜਿਸਟੇਸ਼ਨ Agrimachinerypb.Com ਪੋਰਟਲ ਤੇ ਕਰ ਲੈਣ। ਜੇਕਰ ਕਿਸੇ ਕਿਸਾਨ ਨੂੰ ਇਸ ਸਬੰਧੀ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਦਫਤਰ ਮੁੱਖ ਖੇਤੀਬਾੜੀ ਫਾਜਿਲਕਾ, ਬਲਾਕ ਖੇਤੀਬਾੜੀ ਅਫਸਰ ਫਾਜਿਲਕਾ, ਜਲਾਲਾਬਾਦ, ਅਬੋਹਰ, ਖੂਈਆ ਸਰਵਰ ਜਾਂ ਆਪਣੇ ਪਿੰਡ ਦੇ ਸਬੰਧਤ ਖੇਤੀਬਾੜੀ ਵਿਕਾਸ ਅਫਸਰ ਨਾਲ ਸੰਪਰਕ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਜ਼ਮੀਨਦੋਜ਼ ਪਾਣੀ ਦੀ ਬਚੱਤ ਲਈ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸਾਹਿਤ ਕਰਨ ਲਈ 1500 ਰੁਪਏ ਪ੍ਰਤੀ ਏਕੜ ਦੀ ਪ੍ਰੋਤਸਾਹਨ ਰਾਸ਼ੀ ਪੰਜਾਬ ਸਰਕਾਰ ਦੀ ਇੱਕ ਅਹਿਮ ਸਕੀਮ ਹੈ। ਉਨ੍ਹਾਂ ਕਿਹਾ ਕਿ ਸਿੱਧੀ ਬਿਜਾਈ ਕਰਨ ਨਾਲ ਜਿੱਥੇ ਪਾਣੀ ਦੀ ਬਚਤ ਹੁੰਦੀ ਹੈ ਉੱਥੇ ਹੀ 1500 ਰੁਪਏ ਦੀ ਪ੍ਰਤਸਾਹਨ ਰਾਸ਼ੀ ਵੀ ਮਿਲੇਗੀ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਪਾਣੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਪਾਣੀ ਇੱਕ ਵਡਮੁੱਲੀ ਦਾਤ ਹੈ ਇਸ ਤੋਂ ਬਿਨਾਂ ਕੋਈ ਵੀ ਜਿੰਦਾ ਨਹੀਂ ਰਹਿ ਸਕਦਾ, ਸਾਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਕੁਦਰਤੀ ਖਜ਼ਾਨੇ ਨੂੰ ਬਚਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਉਣਾ ਚਾਹੀਦਾ ਹੈ ਤੇ ਅਜਿਹਾ ਤਾ ਹੀ ਸੰਭਵ ਹੈ ਜੇਕਰ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰਨ।