ਫਾਜ਼ਿਲਕਾ ਹਲਕੇ ਵਿੱਚ ਲਗਾਏ ਜਾਣਗੇ 3 ਲੱਖ ਤੋਂ ਵੱਧ ਨਵੇਂ ਪੌਦੇ –ਵਿਧਾਇਕ ਸਵਨਾ
ਮੁਫ਼ਤ ਬੂਟੇ ਲੈਣ ਲਈ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦੇ ਦਫਤਰ ਵਿਖੇ ਕੀਤਾ ਜਾ ਸਕਦਾ ਹੈ ਸੰਪਰਕ
ਫਾਜ਼ਿਲਕਾ, 27 ਜੂਨ
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਵਿਚ ਨਵੇਂ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ ਹੈ। ਇਸੇ ਤਹਿਤ ਵਿਧਾਨ ਸਭਾ ਹਲਕਾ ਫਾਜ਼ਿਲਕਾ ਦੇ ਵਿਧਾਇਕ ਸ. ਨਰਿੰਦਰਪਾਲ ਸਿੰਘ ਸਵਨਾ ਦੀ ਅਗਵਾਈ ਵਿਚ ਜੰਗਲਾਤ ਵਿਭਾਗ, ਫਾਜ਼ਿਲਕਾ ਵੱਲੋਂ ਵਿਧਾਨ ਸਭਾ ਹਲਕਾ ਫਾਜ਼ਿਲਕਾ ਵਿਚ 3 ਲੱਖ ਨਵੇਂ ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਇਸ ਲਈ ਜੰਗਲਾਤ ਵਿਭਾਗ ਵੱਲੋਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ।
ਇਸ ਮੌਕੇ ਫਾਜ਼ਿਲਕਾ ਦੇ ਵਿਧਾਇਕ ਸ. ਨਰਿੰਦਰਪਾਲ ਸਿੰਘ ਸਵਨਾ ਨੇ ਦੱਸਿਆ ਕਿ ਬੂਟੇ ਲਗਾਉਣ ਲਈ ਫਾਜ਼ਿਲਕਾ ਦੀਆਂ ਸਮਾਜ ਸੇਵੀ ਸੰਸਥਾਵਾਂ, ਪੱਤਰਕਾਰਾਂ, ਵਿਦਿਅਕ ਅਦਾਰਿਆਂ ਅਤੇ ਲੋਕਾਂ ਨਾਲ ਜੁੜੇ ਅਦਾਰਿਆਂ ਦੇ ਨਾਲ ਨਾਲ ਆਮ ਲੋਕਾਂ ਦਾ ਸਹਿਯੋਗ ਲਿਆ ਜਾਵੇਗਾ। ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਦੱਸਿਆ ਕਿ ਹਲਕਾ ਫਾਜ਼ਿਲਕਾ ਦੇ ਲੋਕ ਮੁਫ਼ਤ ਬੂਟੇ ਲੈਣ ਲਈ ਫਾਜ਼ਿਲਕਾ ਦੀ ਦਾਣਾ ਮੰਡੀ ਵਿਚ ਮੇਰੇ ਦਫਤਰ ਵਿਖੇ ਸੰਪਰਕ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਲੋਕ ਮੁਫ਼ਤ ਬੂਟੇ ਪ੍ਰਾਪਤ ਕਰਕੇ ਆਪਣੇ ਘਰ, ਖੇਤ, ਪਿੰਡ, ਸ਼ਹਿਰ ਵਿੱਚ ਲਗਾ ਸਕਦੇ ਹਨ। ਬੂਟੇ ਲੈਣ ਮੌਕੇ ਆਪਣੇ ਆਧਾਰ ਕਾਰਡ ਦੀ ਕਾਪੀ ਨਾਲ ਲੈ ਕੇ ਜਾਣੀ ਜਰੂਰੀ ਹੋਵੇਗੀ। ਉਨ੍ਹਾਂ ਨੇ ਹਲਕਾ ਫਾਜ਼ਿਲਕਾ ਵਾਸੀਆਂ ਨੂੰ ਸੱਦਾ ਦਿੱਤਾ ਕਿ ਹਰ ਇੱਕ ਵਿਅਕਤੀ ਇੱਕ ਪੌਦਾ ਜਰੂਰ ਲਗਾਵੇ ਜਿਸ ਨਾਲ ਲੋਕ ਪ੍ਰਦੂਸ਼ਣ ਮੁਕਤ ਸਾਫ ਹਵਾ ਲੈ ਸਕਨ।