ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮਾਨਸਾ
ਨੈਸ਼ਨਲ ਫੂਡ ਸਕਿਓਰਟੀ ਐਕਟ-2013 ਅਧੀਨ ਸਕੀਮਾਂ ਸਬੰਧੀ ਹੈਲਪਲਾਈਨ ਨੰਬਰ 98767-64545 ’ਤੇ ਸ਼ਿਕਾਇਤ ਕਰ ਸਕਦੇ ਹਨ ਲਾਭਪਾਤਰੀ-ਚੇਤਨ ਪ੍ਰਕਾਸ਼ ਧਾਲੀਵਾਲ
ਮੈਂਬਰ, ਪੰਜਾਬ ਸਟੇਟ ਫੂਡ ਕਮਿਸ਼ਨ ਵੱਲੋਂ ਰਾਸ਼ਨ ਡਿਪੂਆਂ ਦੀ ਕੀਤੀ ਚੈਕਿੰਗ
ਡਿਪੂ ਹੋਲਡਰਾਂ ਨੂੰ ਰਾਸ਼ਨ ਡਿਪੂਆਂ ’ਤੇ ਸ਼ਿਕਾਇਤ ਬਾਕਸ ਤੇ ਜਾਗਰੂਕਤਾ ਬੈਨਰ ਲਗਾਉਣ ਦੀ ਹਦਾਇਤ
ਮਾਨਸਾ, 27 ਜੂਨ:
ਮੈਂਬਰ, ਪੰਜਾਬ ਸਟੇਟ ਫੂਡ ਕਮਿਸ਼ਨ ਸ੍ਰੀ ਚੇਤਨ ਪ੍ਰਕਾਸ਼ ਧਾਲੀਵਾਲ ਨੇ ਜ਼ਿਲ੍ਹਾ ਮਾਨਸਾ ਦਾ ਅਚਨਚੇਤ ਦੌਰਾ ਕਰਦਿਆਂ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆਂ ਵੱਖ-ਵੱਖ ਸਕੀਮਾਂ ਦਾ ਨਿਰੀਖਣ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਇਸ ਮੌਕੇ ਰਾਸ਼ਨ ਡਿਪੂਆ ਦੀ ਚੈਕਿੰਗ ਕੀਤੀ ਗਈ, ਜਿਸ ਦੌਰਾਨ ਰਾਸ਼ਨ ਡਿਪੂ ਪਿੰਡ ਰੱਲਾ ਵਿਖੇ ਹੋ ਰਹੀ ਕਣਕ ਦੀ ਵੰਡ ਦੇ ਕੰਮ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਪਿੰਡ ਵਿਖੇ ਪੰਜ ਰਾਸ਼ਨ ਦੇ ਡਿਪੂਆਂ ਦੀ ਚੈਕਿੰਗ ਕੀਤੀ ਗਈ। ਰਾਸ਼ਨ ਡਿਪੂ ਜਗਦੀਸ਼ ਰਾਏ ਪੀਡੀਐਸ ਨੰ 55, ਮੇਵਾ ਸਿੰਘ ਪੀਡੀਐਸ ਨੰ. 492, ਵਿਨੋਦ ਕੁਮਾਰ 343 ਵੱਲੋਂ ਦੱਸਿਆ ਗਿਆ ਕਿ ਲਾਭਪਾਤਰੀਆਂ ਦੀ ਕਣਕ ਦੀਆਂ ਪਰਚੀਆਂ ਕੱਟ ਦਿੱਤੀਆਂ ਗਈਆਂ ਹਨ ਪ੍ਰੰਤੂ ਕਣਕ ਦੇ ਵੰਡ ਦੇ ਕੰਮ ਦੀ ਸ਼ੁਰੂਆਤ ਨਹੀ ਕੀਤੀ ਗਈ ਸੀ।
ਸ੍ਰੀ ਚੇਤਨ ਪ੍ਰਕਾਸ਼ ਧਾਲੀਵਾਲ ਵੱਲੋਂ ਡਿਪੂ ਹੋਲਡਰਾਂ ਅਤੇ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਨੂੰ ਹਦਾਇਤ ਕੀਤੀ ਗਈ ਕਿ ਲਾਭਪਾਤਰੀਆਂ ਨੂੰ ਜਲਦ ਤੋਂ ਜਲਦ ਕਣਕ ਦੀ ਵੰਡ ਕਰ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਇਸ ਪਿੰਡ ਵਿਖੇ ਰਾਸ਼ਨ ਡਿਪੂ ਜੀਵਨ ਸਿੰਘ 660059 ਬੰਦ ਪਾਇਆ ਗਿਆ ਅਤੇ ਇਸ ਡਿਪੂ ’ਤੇ ਸ਼ਿਕਾਇਤ ਬਾਕਸ ਅਤੇ ਜਾਗਰੂਕਤਾ ਬੈਨਰ ਵੀ ਮੌਜੂਦ ਨਹੀ ਸੀ, ਜਿਸ ਸਬੰਧੀ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੀ ਹਦਾਇਤੀ ਕੀਤੀ ਗਈ।
ਇਸ ਉਪਰੰਤ ਡਿਪੂ ਹੋਲਡਰ ਗੁਰਮੇਲ ਦਾਸ ਪੀਡੀਐਸ ਨੰ. 647 ਵਿਖੇ ਕਣਕ ਦੀ ਵੰਡ ਦੇ ਕੰਮ ਦਾ ਨਿਰੀਖਣ ਕੀਤਾ ਗਿਆ। ਚੈਕਿੰਗ ਦੌਰਾਨ ਡਿਪੂ ’ਤੇ ਸ਼ਿਕਾਇਤ ਬਾਕਸ ਅਤੇ ਬੈਨਰ ਮੌਜੂਦ ਤਾਂ ਸਨ, ਪ੍ਰੰਤੂ ਡਿਪੂ ਤੇ ਡਿਸਪਲੇਅ ਨਹੀ ਕੀਤੇ ਹੋਏ ਸਨ, ਜਿਸ ਸਬੰਧੀ ਜਲਦ ਤੋਂ ਜਲਦ ਬੈਨਰ ਲਗਾਉਣ ਅਤੇ ਭਵਿੱਖ ਵਿੱਚ ਬੈਨਰ ਅਤੇ ਸ਼ਿਕਾਇਤ ਬਾਕਸ ਨਾ ਲਗਾਏ ਜਾਣ ’ਤੇ ਕਾਰਵਾਈ ਕਰਨ ਦੀ ਹਦਾਇਤ ਡਿਪੂ ਹੋਲਡਰ ਨੂੰ ਕੀਤੀ ਗਈ।
ਉਨ੍ਹਾਂ ਮੌਕੇ ’ਤੇ ਮੌਜੂਦ ਲਾਭਪਾਤਰੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆ ਸਕੀਮਾਂ ਸਬੰਧੀ ਸ਼ਿਕਾਇਤ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕੋਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਹੈਲਪਲਾਈਨ ਨੰਬਰ 98767-64545 ਜਾਂ ਕਮਿਸ਼ਨ ਦੀ ਵੈਬਸਾਈਟ ’ਤੇ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।