ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫਰੀਦਕੋਟ
ਢਾਈ ਲੱਖ ਬੂਟੇ ਲਗਾਉਣ ਦਾ ਟੀਚਾ ਹਰ ਹੀਲੇ ਕੀਤਾ ਜਾਵੇਗਾ ਪੂਰਾ- ਏਡੀਸੀ ਨਰਭਿੰਦਰ ਸਿੰਘ ਗਰੇਵਾਲ
ਬੂਟੇ ਲਗਾਉਣ ਦੀ ਮੁਹਿੰਮ ਵਿਚ ਤੇਜੀ ਲਿਆਉਣ ਲਈ ਕੀਤੀ ਮੀਟਿੰਗ
ਫ਼ਰੀਦਕੋਟ 19 ਜੂਨ 2024
ਵਧ ਰਹੇ ਪ੍ਰਦੂਸ਼ਣ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਜਿਲ੍ਹੇ ਵਿੱਚ ਢਾਈ ਲੱਖ ਬੂਟੇ ਲਗਾਉਣ ਦਾ ਟੀਚਾ ਹਰ ਹੀਲੇ ਪੂਰਾ ਕੀਤਾ ਜਾਵੇਗਾ ਤਾਂ ਜੋ ਵੱਧ ਰਹੇ ਹਵਾ ਪ੍ਰਦੂਸ਼ਣ ਨੂੰ ਕੁਝ ਹੱਦ ਤੱਕ ਠੱਲ੍ਹ ਪਾਈ ਜਾ ਸਕੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਨਰਭਿੰਦਰ ਸਿੰਘ ਗਰੇਵਾਲ ਨੇ ਅੱਜ ਸਮੂਹ ਵਿਭਾਗਾਂ ਦੇ ਮੁੱਖੀਆਂ ਨਾਲ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਆਪਣੇ ਆਪਣੇ ਵਿਭਾਗ ਅਧੀਨ ਢੁੱਕਵੀਆਂ ਥਾਵਾਂ ਦੀ ਪਹਿਚਾਣ ਕਰਕੇ ਵੱਧ ਤੋਂ ਵੱਧ ਬੂਟੇ ਲਗਾਉਣ ਦੇ ਉਪਰਾਲੇ ਨੂੰ ਪੂਰੇ ਤਨ ਮਨ ਨਾਲ ਸ਼ੁਰੂ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਵਾਤਵਰਣ ਦੀ ਸ਼ੁੱਧਤਾ ਅਤੇ ਗਰਮੀ ਤੋਂ ਰਾਹਤ ਪਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਦਰੱਖਤਾਂ ਦਾ ਘਾਟ ਕਾਰਨ ਹੀ ਅੱਜ ਸਾਨੂੰ ਅੱਤ ਦੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਗਰਮੀ ਤੋਂ ਬਚਾਅ ਲਈ ਲਗਾਏ ਜਾਣ ਵਾਲੇ ਇਨ੍ਹਾਂ ਬੂਟਿਆਂ ਵਿੱਚ ਫੁੱਲ, ਫਲਦਾਰ, ਛਾਂਦਾਰ ਦਰੱਖਤਾਂ ਦੇ ਬੂਟੇ ਲਗਾਉਣ ਦਾ ਟੀਚਾ ਪੂਰਾ ਕੀਤਾ ਜਾਵੇਗਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਵੱਧ ਤੋਂ ਵੱਧ ਬੂਟੇ ਲਾ ਕੇ ਸਾਫ ਸ਼ੁੱਧ ਹਵਾ ਤੇ ਆਕਸੀਜਨ ਦੇ ਲੇਵਲ ਨੂੰ ਵਧਾਉਣ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਬੂਟੇ ਲਗਾਉਣ ਦੀ ਇਸ ਮੁਹਿੰਮ ਵਿਚ ਤੇਜੀ ਲਿਆਉਣ ਲਿਆਂਦੀ ਜਾਵੇ। ਇਸ ਦੇ ਲਈ ਪਿੰਡਾਂ ਵਿਚ ਹੋਕੇ ਲਗਵਾਏ ਜਾਣ ਤਾਂ ਜੋ ਕੋਈ ਵੀ ਇਲਾਕਾ ਨਿਵਾਸੀ ਬੂਟੇ ਪ੍ਰਾਪਤ ਕਰਨ ਤੋਂ ਵਾਝਾਂ ਨਾ ਰਹਿ ਸਕੇ। ਇਹ ਬੂਟੇ ਸਕੂਲਾਂ ਵਿੱਚ, ਮੰਡੀਆਂ ਵਿੱਚ ਅਤੇ ਹਰੇਕ ਕਿਸਾਨ ਆਪਣੇ ਖੇਤ ਵਿਚ ਲਗਾ ਕੇ ਵਾਤਾਵਰਨ ਦੀ ਸ਼ੁੱਧਤਾ ਨੂੰ ਵਧਾਉਣ ਵਿੱਚ ਆਪਣਾ ਯੋਗਦਾਨ ਪਾ ਸਕੇ।
ਉਨ੍ਹਾਂ ਇਸ ਗੱਲ ਤੇ ਵੀ ਜੋਰ ਦਿੱਤਾ ਕਿ ਇਸ ਕੰਮ ਦੌਰਾਨ ਕੇਵਲ ਬੂਟਿਆਂ ਨੂੰ ਲਗਾਉਣ ਤੱਕ ਹੀ ਸੀਮਤ ਰੱਖਿਆ ਜਾਵੇ, ਬਲਕਿ ਬੂਟਿਆਂ ਦਾ ਪਾਲਣ ਪੋਸ਼ਣ ਜਿਵੇ ਕਿ ਆਵਾਰਾ ਜਾਨਵਰਾਂ ਤੋਂ ਬਚਾਉਣਾ ਅਤੇ ਸਮੇਂ ਸਿਰ ਪਾਣੀ ਦੇਣ ਦੀ ਮਹੱਤਤਾ ਬਾਰੇ ਵੀ ਲੋਕਾਂ ਨੂੰ ਗੰਭੀਰਤਾ ਨਾਲ ਦੱਸਿਆ ਜਾਵੇ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਸ਼ਾਮਿਲ ਸਨ।