ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫ਼ਰੀਦਕੋਟ
ਨਰਮੇ ਦੀ ਫ਼ਸਲ ਨੂੰ ਕੀੜਿਆਂ ਤੋਂ ਬਚਾਉਣ ਅਤੇ ਭਰਪੂਰ ਪੈਦਾਵਰ ਲਈ ਨਿਰੰਤਰ ਨਿਰੀਖਣ ਦੀ ਜ਼ਰੂਰਤ- ਡਾ. ਅਮਰੀਕ ਸਿੰਘ
ਫਰੀਦਕੋਟ 15 ਜੂਨ ( 2024) ਜ਼ਿਲਾ ਫਰੀਦਕੋਟ ਵਿੱਚ ਨਰਮੇ ਦੀ ਫਸਲ ਦੀ ਪੁਨਰ ਸੁਰਜੀਤੀ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਮੁੱਖ ਖੇਤੀਬਾੜੀ ਅਫ਼ਸਰ ਅਮਰੀਕ ਸਿੰਘ ਨੇ ਬਲਾਕ ਕੋਟਕਪੂਰਾ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਅਤੇ ਨਰਮੇ ਦੀ ਫਸਲ ਦਾ ਜਾਇਜ਼ਾ ਲਿਆ। ਦੌਰੇ ਦੌਰਾਨ ਉਨ੍ਹਾਂ ਦੇ ਨਾਲ ਦਾ ਡਾ.ਪਰਮਿੰਦਰ ਸਿੰਘ ,ਡਾ.ਲਖਵੀਰ ਸਿੰਘ ,ਹਰਜਿੰਦਰ ਸਿੰਘ ,ਜਸਵੰਤ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ ਅਤੇ ਰਾਜਾ ਸਿੰਘ ਸਹਾਇਕ ਤਕਨਾਲੋਜੀ ਪ੍ਰਬੰਧਕ ਹਾਜ਼ਰ ਸਨ।
ਪਿੰਡ ਖਾਰਾ ਵਿਚ ਨਰਮਾ ਉਤਪਾਦਕਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਜ਼ਿਲਾ ਫ਼ਰੀਦਕੋਟ ਵਿੱਚ ਨਰਮੇ ਦੀ ਕਾਸ਼ਤ ਘਟ ਪਾਣੀ ਵਾਲੇ ਇਲਾਕਿਆਂ ਵਿਚ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਪਿਛਲੇ ਸਾਲ ਮੌਸਮੀ ਖਰਾਬੀ ਦੇ ਕਾਰਨ ਨਰਮੇ ਦੀ ਫਸਲ ਦੀ ਪੈਦਾਵਰ ਘੱਟ ਮਿਲੀ ਸੀ ਜਿਸ ਕਾਰਨ ਕਿਸਾਨਾਂ ਨੂੰ ਕਾਫੀ ਨੁਕਸਾਨ ਝੱਲਣਾ ਪਿਆ ਸੀ । ਉਨਾਂ ਕਿਹਾ ਕਿ ਨਰਮੇ ਦੀ ਫਸਲ ਨੂੰ ਮੁੱਖ ਤੌਰ ਤੇ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਨਾਮੀ ਕੀਟ ਨੁਕਸਾਨ ਪਹੁੰਚਾਉਂਦੇ ਹਨ ,ਜਿਨ੍ਹਾਂ ਦੀ ਰੋਕਥਾਮ ਲਈ ਨਿਰੰਤਰ ਨਿਰੀਖਣ ਕਰਨ ਦੀ ਬਹੁਤ ਜ਼ਰੂਰੀ ਹੁੰਦੀ ਹੈ । ਉਨਾਂ ਕਿਹਾ ਕਿ ਨਰਮੇ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਪਿੰਡ ਖਾਰਾ ਨੂੰ ਨਰਮੇ ਦੀ ਕਾਸ਼ਤ ਲਈ ਨਮੂਨੇ ਦੇ ਪਿੰਡ ਵਜੋਂ ਵਿਕਸਤ ਕੀਤਾ ਜਾਵੇਗਾ । ਉਨਾਂ ਕਿਹਾ ਕਿ ਨਰਮੇ ਦੀ ਫ਼ਸਲ ਲਈ ਜੂਨ ਮਹੀਨਾ ਬਹੁਤ ਅਹਿਮ ਹੁੰਦਾ ਹੈ। ਉਨਾਂ ਕਿਹਾ ਕਿ ਸਮੇਂ ਸਿਰ ਬੀਜੀ ਗਈ ਨਰਮੇ ਦੀ ਫਸਲ ਨੂੰ ਪਹਿਲਾ ਪਾਣੀ ਬਿਜਾਈ ਤੋਂ 4-6 ਹਫ਼ਤਿਆਂ ਬਾਅਦ ਲਗਾਓ ਅਤੇ ਸੰਘਣੇ ਬੂਟਿਆਂ ਨੂੰ ਵਿਰਲੇ ਕਰੋ ਅਤੇ ਵਿਰਲਾ ਕਰਦੇ ਸਮੇਂ ਬੂਟੇ ਤੋਂ ਬੂਟੇ ਦਾ ਫਾਸਲਾ 75 ਸੈਂਟੀਮੀਟਰ ਦੋਗਲੀ ਬੀ ਟੀ ਨਰਮੇ ਦੀ ਕਿਸਮਾਂ ਵਿਚਕਾਰ ਰੱਖੋ। ਉਨਾਂ ਕਿਹਾ ਕਿ ਪਹਿਲੇ ਪਾਣੀ ਮਗਰੋਂ ਨਦੀਨਾਂ ਦੀ ਰੋਕਥਾਮ ਲਈ ਗੋਡੀ ਕਰੋ। ਮੁਕੰਮਲ ਤੌਰ ਤੇ ਨਦੀਨਾਂ ਦੀ ਰੋਕਥਾਮ ਲਈ 2-3 ਗੋਡੀਆਂ ਕਾਫੀ ਹਨ। ਉਨਾਂ ਕਿਹਾ ਕਿ ਚਿੱਟੀ ਮੱਖੀ,ਹਰਾ ਤੇਲਾ,ਭੁਰੀ ਜੁੰ,ਮਿਲੀ ਬੱਗ ਅਤੇ ਹੋਰ ਰਸ ਚੂਸਣ ਵਾਲੇ ਕੀੜਿਆਂ ਦਾ ਲਗਾਤਾਰ ਸਰਵੇਖਣ ਕਰੋ।ਉਨਾਂ ਕਿਹਾ ਪਹਿਲਾ ਪਾਣੀ ਲਾਉਣ ਉਪਰੰਤ ਜਾਂ ਬਰਸਾਤ ਤੋਂ ਬਾਅਦ ਉੱਗੇ ਮੋਥੇ ਅਤੇ ਹੋਰ ਨਦੀਨਾਂ ਦੀ ਰੋਕਥਾਮ ਲਈ 500 ਮਿਲੀ ਲਿਟਰ ਪੈਰਾਕੁਐਟ 24 ਤਾਕਤ ਪ੍ਰਤੀ ਏਕੜ ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਨਰਮੇ ਦੀਆਂ ਦੋ ਲਾਈਨਾਂ ਵਿਚ ਛਿੜਕਾਅ ਕਰੋ। ਛਿੜਕਾਅ ਕਰਦੇ ਸਮੇਂ ਨੌਜ਼ਲ ਅੱਗੇ ਸੁਰੱਖਿਅਤ ਹੁੱਡ ਜ਼ਰੂਰ ਲਗਾ ਲਓ ਤਾਂ ਨਰਮੇ ਦੀ ਫ਼ਸਲ ਨਦੀਨਨਾਸ਼ਕ ਨਾਲ ਪ੍ਰਭਾਵਤ ਨਾ ਹੋਵੇ। ਉਨਾਂ ਕਿਹਾ ਕਿ ਨਰਮੇ ਦੀ ਬਿਜਾਈ ਤੋਂ 40-50 ਦਿਨਾਂ ਬਾਅਦ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਕ੍ਰੇਮੀਟ/ਨੇਟਮੈਟ ,ਪੀ ਬੀ ਰੋਪ ਜਾਂ ਸੈਕਸ ਫਿਰੋਮਨ ਟ੍ਰੈਪ ਨਰਮੇ ਦੀ ਫਸਲ ਵਿਚ ਲਗਾਓ। ਉਨਾਂ ਕਿਹਾ ਕਿ ਨਰਮੇ ਦੀ ਫਸਲ ਉੱਪਰ ਕਿਸੇ ਤਰਾਂ ਦੀ ਵੀ ਸਮੱਸਿਆ ਆਵੇ ਤਾਂ ਖੇਤੀ ਅਧਿਕਾਰੀਆਂ ਨਾਲ ਸੰਪਰਕ ਕਰੋ ਅਤੇ ਕਿਸੇ ਵੀ ਆਂਢੀ ਗੁਆਂਢੀ ਜਾਂ ਦੁਕਾਨਦਾਰ ਦੇ ਕਹੇ ਤੇ ਕੋਈ ਛਿੜਕਾਅ ਨਾ ਕਰੋ।