….ਦਿੱਲੀ ਪੁਲਿਸ ਨੇ 'ਆਪ' ਆਗੂਆਂ ਉੱਤੇ ਕੀਤਾ ਲਾਠੀਚਾਰਜ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਸਮੇਤ ਕਈ ਜ਼ਖ਼ਮੀ
ਚੰਡੀਗੜ੍ਹ , 16 ਅਪ੍ਰੈਲ: Excise Policy Scam Case: ਅਰਵਿੰਦ ਕੇਜਰੀਵਾਲ ਦੇ ਸਮਰਥਨ ਵਿੱਚ ਪੰਜਾਬ ਤੋਂ ਦਿੱਲੀ ਜਾ ਰਹੇ 'ਆਪ' ਸਰਕਾਰ ਦੇ ਮੰਤਰੀਆਂ, ਵਿਧਾਇਕਾਂ ਅਤੇ ਵਰਕਰਾਂ ਨੂੰ ਦਿੱਲੀ ਪੁਲਿਸ ਨੇ ਸਿੰਘੁ-ਬਾਰਡਰ ਉੱਤੇ ਰੋਕ ਲਿਆ ਅਤੇ ਉਨ੍ਹਾਂ ਉੱਤੇ ਲਾਠੀਚਾਰਜ ਕੀਤਾ। ਲਾਠੀਚਾਰਜ ਦੇ ਦੌਰਾਨ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਕਈ ਕਰਮਚਾਰੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ । ਮੰਤਰੀ ਬਲਬੀਰ ਸਿੰਘ ਅਤੇ ਜ਼ਖ਼ਮੀ 'ਆਪ' ਵਰਕਰਾਂ ਨੂੰ ਰਾਜਾ ਹਰੀਸ਼ ਚੰਦਰ ਹਸਪਤਾਲ ਨਰੇਲਾ ਵਿਖੇ ਇਲਾਜ ਲਈ ਭਰਤੀ ਕਰਾਇਆ ਗਿਆ ।
ਇਸ ਦੇ ਵਿਰੋਧ ਵਿੱਚ 'ਆਪ' ਮੰਤਰੀ, ਵਿਧਾਇਕ ਅਤੇ ਵਰਕਰਾਂ ਉੱਥੇ ਹੀ ਸੜਕ ਉੱਤੇ ਬੈਠ ਗਏ ਅਤੇ ਭਾਜਪਾ ਸਰਕਾਰ ਦੇ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕਰਨ ਲੱਗੇ ।
ਪੰਜਾਬ ਸਰਕਾਰ ਦੇ ਮੰਤਰੀ ਬ੍ਰਹਮਾ ਸ਼ੰਕਰ ਜਿੰਪਾ ਨੇ ਮੀਡੀਆ ਨੂੰ ਦੱਸਿਆ ਕਿ ਸਾਨੂੰ ਸਿੰਘੁ-ਬਾਰਡਰ ਉੱਤੇ ਦਿੱਲੀ ਪੁਲਿਸ ਵੱਲੋਂ ਰੋਕਿਆ ਗਿਆ । ਸਾਡੇ ਵਰਕਰਾਂ ਦੇ ਸਿਰ ਉੱਤੇ ਲਾਠੀਆਂ ਬਰਸਾਈਆਂ ਗਈਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਸ ਸਮੇਂ ਜੋ ਅਫ਼ਸਰ ਉੱਥੇ ਮੌਜੂਦ ਸੀ ਉਸ ਨੇ ਪੁਲਸਕਰਮੀਆਂ ਨੂੰ ਲਾਠੀਚਾਰਜ ਕਰਨ ਦੇ ਹੁਕਮ ਦਿੱਤੇ ਸਨ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਆਮ ਆਦਮੀ ਪਾਰਟੀ ਨੂੰ ਰੋਕਣ ਲਈ ਪੂਰੀ ਤਰ੍ਹਾਂ ਤਾਨਾਸ਼ਾਹੀ ਭਰਿਆ ਰਵੱਈਆ ਆਪਣਾ ਰਹੀ ਹੈ ।
ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਜਦੋਂ ਸਾਡਾ ਕਾਫ਼ਲਾ ਦਿੱਲੀ ਪਹੁੰਚਣ ਵਾਲਾ ਸੀ ਤਾਂ ਸਾਨੂੰ ਬਾਰਡਰ ਉੱਤੇ ਪੁਲਿਸ ਵੱਲੋਂ ਰੋਕ ਲਿਆ ਗਿਆ । ਜਦੋਂ ਅਸੀਂ ਉਨ੍ਹਾਂ ਨੂੰ ਪੁੱਛਿਆ ਕਿ ਸਾਨੂੰ ਕਿਉਂ ਰੋਕਿਆ ਗਿਆ ਤਾਂ ਕਿਸੇ ਵੀ ਅਧਿਕਾਰੀ ਵੱਲੋਂ ਸਾਨੂੰ ਕੋਈ ਵੀ ਕਾਰਨ ਨਹੀਂ ਦੱਸਿਆ ਗਿਆ । ਕਾਫ਼ੀ ਜੱਦੋਜਹਿਦ ਕਰਨ ਤੋਂ ਬਾਅਦ ਵੀ ਜਦੋਂ ਸਾਨੂੰ ਨਹੀਂ ਜਾਣ ਦਿੱਤਾ ਤਾਂ ਉਹ (ਹਰਜੋਤ ਬੈਂਸ) ਗੱਡੀ ਬਦਲ ਕੇ ਕਿਸੀ ਤਰ੍ਹਾਂ ਦਿੱਲੀ ਪਹੁੰਚੇ। ।
ਹਰਜੋਤ ਬੈਂਸ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਤਿਹਾਸ ਗਵਾਹ ਹੈ , ਜਦੋਂ ਵੀ ਕਿਸੇ ਕ੍ਰਾਂਤੀ ਨੂੰ ਰੋਕਿਆ ਗਿਆ ਹੈ ਉਹ ਹੋਰ ਵੀ ਤੇਜ਼ੀ ਦੇ ਨਾਲ ਫੈਲੀ ਹੈ ।
ਇਸ ਨੂੰ ਪੜ੍ਹੋ:
ਪੰਜਾਬ ਪੁਲਿਸ ਨੇ ਸੂਬੇ ਭਰ ਦੇ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ’ਤੇ ਚਲਾਈ ਤਲਾਸ਼ੀ ਮੁਹਿੰਮ