ਪ੍ਰੈਸ ਨੋਟ
(ਓ) ਚੋਣ ਪ੍ਰਚਾਰ ਦੇ ਆਖ਼ਰੀ ਦਿਨ ਆਮ ਆਦਮੀ ਪਾਰਟੀ ਨੇ ਕੱਢਿਆ ਵੱਡਾ ਰੋਡ ਸ਼ੋ
(ਅ) ਅੰਮ੍ਰਿਤਸਰ ਦੇ ਵਿਕਾਸ ਅਤੇ ਖੁਸ਼ਹਾਲੀ ਲਈ "ਆਪ" ਨੂੰ ਵੋਟ ਕਰਨ ਲੋਕ :- ਕੁਲਦੀਪ ਧਾਲੀਵਾਲ
ਅਮਿਤ ਸ਼ਾਹ ਦੀ ਪੰਜਾਬ ਸਰਕਾਰ ਡੇਗਣ ਦੀ ਧਮਕੀ ਦਾ ਜਵਾਬ ਵੋਟਾਂ ਨਾਲ ਦੇਣਗੇ ਲੋਕ :- ਕੁਲਦੀਪ ਧਾਲੀਵਾਲ
ਲੋਕ ਸਭਾ ਚੋਣਾਂ ਦੇ ਚੋਣ ਪ੍ਰਚਾਰ ਦੇ ਆਖਰੀ ਦਿਨ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦਿਹਾਤੀ ਹਲਕਿਆਂ ਵਿੱਚ ਇੱਕ ਵੱਡਾ ਰੋਡ ਸ਼ੋ ਕੱਢ ਕੇ ਮਾਹੌਲ ਆਮ ਆਦਮੀ ਪਾਰਟੀ ਦੇ ਪੱਖ ਵਿੱਚ ਕੀਤਾ। ਧਾਲੀਵਾਲ ਵੱਲੋਂ ਮਜੀਠਾ ਤੋਂ ਸ਼ੁਰੂ ਕਰਕੇ ਅਜਨਾਲਾ,ਰਾਜਾਸਾਂਸੀ, ਚੁਗਾਵਾਂ ਅਤੇ ਹਲਕਾ ਅਟਾਰੀ ਵਿੱਚੋਂ ਹੁੰਦੇ ਹੋਏ ਖਾਸਾ ਤੱਕ ਇੱਕ ਵਿਸ਼ਾਲ ਰੋਡ ਸ਼ੋ ਕੀਤਾ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਧਾਲੀਵਾਲ ਨੇ ਕਿਹਾ ਕਿ ਲੋਕ ਇਸ ਵਾਰ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ ਵੋਟ ਅੰਮ੍ਰਿਤਸਰ ਦੀ ਖੁਸ਼ਹਾਲੀ ਅਤੇ ਵਿਕਾਸ ਲਈ ਪਾਉਣ । ਉਹਨਾਂ ਨੇ ਕਿਹਾ ਕਿ ਇਤਿਹਾਸਿਕ ਸ਼ਹਿਰ ਹੋਣ ਦੇ ਬਾਵਜੂਦ ਵੀ ਅੰਮ੍ਰਿਤਸਰ ਕਈ ਤਰ੍ਹਾਂ ਦੀਆਂ ਸਹੂਲਤਾਂ ਅਤੇ ਅੰਤਰਰਾਸ਼ਟਰੀ ਪੱਧਰ ਦੇ ਹਸਪਤਾਲ ਅਤੇ ਯੂਨੀਵਰਸਿਟੀ ਤੋਂ ਅੱਜ ਤੱਕ ਇਸ ਲਈ ਸੱਖਣਾ ਹੈ ਕਿਉਂਕਿ ਅੰਮ੍ਰਿਤਸਰ ਤੋਂ ਚੁਣ ਕੇ ਗਏ ਕਿਸੇ ਵੀ ਮੈਂਬਰ ਪਾਰਲੀਮੈਂਟ ਨੇ ਅੰਮ੍ਰਿਤਸਰ ਦੀ ਆਵਾਜ਼ ਲੋਕ ਸਭਾ ਵਿੱਚ ਬੁਲੰਦ ਨਹੀਂ ਕੀਤੀ। ਉਹਨਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਲੋਕਾਂ ਨੂੰ ਦਿੱਤੀਆਂ ਗਰੰਟੀਆਂ ਨੂੰ ਪੂਰਾ ਕਰ ਰਹੀ ਹੈ ਅਤੇ ਆਮ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੰਮ ਕਰ ਰਹੀ ਹੈ ਪਰ ਕਈ ਤਰ੍ਹਾਂ ਦੇ ਪ੍ਰੋਜੈਕਟ ਅਤੇ ਕਈ ਸਕੀਮਾਂ ਜਿਹੜੀਆਂ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਲਾਗੂ ਹੋਣੀਆਂ ਹੁੰਦੀਆਂ ਹਨ ਉਹ ਅੰਮ੍ਰਿਤਸਰ ਵਿੱਚ ਲਾਗੂ ਨਹੀਂ ਹੋ ਸਕੀਆਂ । ਜਦੋਂ ਅੰਮ੍ਰਿਤਸਰ ਦੇ ਲੋਕ ਉਹਨਾਂ ਨੂੰ ਜਿੱਤਾ ਕੇ ਲੋਕ ਸਭਾ ਵਿੱਚ ਭੇਜਦੇ ਹਨ ਤੇ ਹਰ ਮੁੱਦੇ ਤੇ ਲੋਕ ਸਭਾ ਵਿੱਚ ਆਵਾਜ਼ ਬੁਲੰਦ ਕੀਤੀ ਜਾਵੇਗੀ। ਇਸ ਤੋਂ ਬਾਅਦ ਕੇਂਦਰ ਦੀ ਸੱਤਾਧਾਰੀ ਪਾਰਟੀ ਭਾਰਤੀ ਜਨਤਾ ਪਾਰਟੀ ਤੇ ਸਿਆਸੀ ਨਿਸ਼ਾਨੇ ਲਗਾਉਂਦੇ ਹੋਏ ਧਾਲੀਵਾਲ ਨੇ ਕਿਹਾ ਕਿ ਬੀਤੇ ਦਿਨੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੰਜਾਬ ਵਿੱਚ ਆ ਕੇ ਇੱਕ ਹਾਸੋਹੀਣਾ ਬਿਆਨ ਦਿੱਤਾ ਜਾਂਦਾ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਡੇਗ ਦਿੱਤਾ ਜਾਵੇਗਾ। ਧਾਲੀਵਾਲ ਨੇ ਕਿਹਾ ਕਿ 92 ਵਿਧਾਇਕਾਂ ਵਾਲੀ ਸਰਕਾਰ ਨੂੰ ਡੇਗਣ ਦੀ ਗੱਲ ਕਰਨਾ ਭਾਜਪਾ ਦੀ ਸਰਕਾਰ ਦੇ ਹੰਕਾਰ ਨੂੰ ਦਰਸਾਉਂਦੀ ਹੈ। ਹੰਕਾਰ ਬਹੁਤ ਮਾੜੀ ਚੀਜ਼ ਹੁੰਦੀ ਹੈ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇਸੇ ਹੰਕਾਰ ਦਾ ਸ਼ਿਕਾਰ ਹੋ ਗਈ ਹੈ ਅਤੇ ਇਸ ਤਾਨਾਸ਼ਾਹੀ ਭਰੇ ਬਿਆਨ ਦਾ ਲੋਕ ਜਵਾਬ ਇਕ ਜੂਨ ਨੂੰ ਵੋਟਾਂ ਰਾਹੀਂ ਦੇਣਗੇ। ਅੰਮ੍ਰਿਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਕਰਾਰੀ ਹਾਰ ਦਾ ਮੂੰਹ ਵੇਖਣਾ ਪਏਗਾ ਅਤੇ ਇਹ ਪੈਰਾਸ਼ੂਟ ਰਾਹੀਂ ਅੰਮ੍ਰਿਤਸਰ ਵਿੱਚ ਆਇਆ ਉਮੀਦਵਾਰ ਦੁਬਾਰਾ ਪੈਰਾਸ਼ੂਟ ਰਾਹੀਂ ਅਮਰੀਕਾ ਚਲਾ ਜਾਏਗਾ। ਦੂਜੇ ਪਾਸੇ ਉਹਨਾਂ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਬਾਰੇ ਬੋਲਦੇ ਹੋਏ ਕਿਹਾ ਕਿ ਔਜਲਾ ਦੋ ਵਾਰ ਲੋਕਾਂ ਨੂੰ ਵੋਟਾਂ ਲੈ ਕੇ ਧੋਖਾ ਦੇ ਚੁੱਕੇ ਹਨ ਤੇ ਅੱਜ ਪੂਰੇ ਅੰਮ੍ਰਿਤਸਰ ਵਿੱਚ ਉਹਨਾਂ ਨੇ ਢਾਈ ਮਹੀਨਿਆਂ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਗੁਰਜੀਤ ਸਿੰਘ ਔਜਲਾ ਦਾ ਇੱਕ ਵੀ ਨੀਹ ਪੱਥਰ ਦਿਖਾਈ ਨਹੀਂ ਦਿੱਤਾ । ਉਹ ਔਜਲਾ ਨੂੰ ਪੁੱਛਣਾ ਚਾਹੁੰਦੇ ਹਨ ਕਿ ਸਾਢੇ ਸੱਤ ਸਾਲ ਵਿੱਚ ਜਿਹੜੇ ਵਿਕਾਸ ਦੇ ਦਾਅਵੇ ਗੁਰਜੀਤ ਸਿੰਘ ਔਜਲਾ ਕਰਦੇ ਹਨ ਉਹ ਵਿਕਾਸ ਸਿਰਫ ਕਾਗਜਾਂ ਤੱਕ ਹੀ ਸੀਮਿਤ ਹੈ। ਧਾਲੀਵਾਲ ਨੇ ਕਿਹਾ ਕਿ ਇਹ ਲੋਕ ਸਭਾ ਚੋਣਾਂ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਨੂੰ ਡੇਗਣ ਦੀਆਂ ਧਮਕੀਆਂ ਦੇਣ ਤੇ ਉੱਤਰ ਆਈ ਹੈ । ਉਹਨਾਂ ਕਿਹਾ ਕਿ ਜਨਤਾ ਸਭ ਕੁਝ ਦੇਖ ਰਹੀ ਹੈ ਅਤੇ ਆਗਾਮੀ 4 ਜੂਨ ਨੂੰ ਜਿਹੜੇ ਲੋਕ ਸਭਾ ਚੋਣਾਂ ਦੇ ਨਤੀਜੇ ਆਉਣਗੇ ਉਹਨਾਂ ਵਿੱਚ ਇੰਡੀਆ ਗਠਬੰਧਨ ਦੀ ਸਰਕਾਰ ਬਣਨ ਜਾ ਰਹੀ ਹੈ ਅਤੇ ਭਾਰਤੀ ਜਨਤਾ ਪਾਰਟੀ ਕੇਂਦਰ ਦੀ ਸੱਤਾ ਤੋਂ ਬਾਹਰ ਹੋਣ ਜਾ ਰਹੀ ਹੈ। ਧਾਲੀਵਾਲ ਨੇ ਕਿਹਾ ਕਿ ਆਪਣੀ ਢਾਈ ਮਹੀਨੇ ਦੀ ਚੋਣ ਮੁਹਿੰਮ ਵਿੱਚ ਉਹਨਾਂ ਨੇ 600 ਤੋਂ ਵੱਧ ਮੀਟਿੰਗਾਂ ਕੀਤੀਆਂ ਜਿਨਾਂ ਵਿੱਚ ਉਹਨਾਂ ਨੂੰ ਲੋਕਾਂ ਦਾ ਭਰਪੂਰ ਪਿਆਰ ਅਤੇ ਸਮਰਥਨ ਮਿਲਿਆ ਅਤੇ ਉਹ ਅੰਮ੍ਰਿਤਸਰ ਦੇ ਲੋਕਾਂ ਨਾਲ ਵਾਅਦਾ ਕਰਦੇ ਹਨ ਕਿ ਜਿਹੜਾ ਵਿਸ਼ਵਾਸ ਉਹਨਾਂ ਉੱਤੇ ਲੋਕ ਕਰ ਰਹੇ ਹਨ। ਓਹ ਉਸ ਉੱਤੇ ਖਰਾ ਉਤਰਨਗੇ। ਇਸ ਮੌਕੇ ਇਸ ਰੋਡ ਸ਼ੋ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਮੌਜੂਦ ਰਿਹਾ।