ਸੰਗਰੂਰ ਮੁੱਖ ਮੰਤਰੀ ਭਗਵੰਤ ਮਾਨ ਦਾ ਆਪਣਾ (ਗ੍ਰਹਿ) ਹਲਕਾ ਹੈ, ਇਸ ਲਈ ਇੱਥੋਂ "ਆਪ" ਉਮੀਦਵਾਰ ਨੂੰ ਸਭ ਤੋਂ ਵੱਧ ਫ਼ਰਕ ਨਾਲ ਜਿਤਾਓ - ਅਰਵਿੰਦ ਕੇਜਰੀਵਾਲ
ਇਸ ਸਮੇਂ ਭਗਵੰਤ ਮਾਨ ਨੂੰ ਕੇਂਦਰ ਸਰਕਾਰ ਤੇ ਰਾਜਪਾਲ ਨਾਲ ਇਕੱਲਿਆਂ ਲੜਨਾ ਪੈ ਰਿਹਾ ਹੈ, 13 ਸੰਸਦ ਮੈਂਬਰ ਦੇ ਕੇ ਉਨ੍ਹਾਂ ਦੇ ਹੱਥ ਮਜ਼ਬੂਤ ਕਰੋ- ਕੇਜਰੀਵਾਲ
ਭਗਵੰਤ ਮਾਨ ਦੇ ਨਾਲ ਸਾਡੇ 13 ਸੰਸਦ ਮੈਂਬਰ ਕੇਂਦਰ ਸਰਕਾਰ ਤੋਂ ਪੰਜਾਬ ਦੇ ਹੱਕਾਂ ਲਈ ਲੜਨਗੇ ਅਤੇ ਸਾਰੇ ਬਕਾਇਆ ਫ਼ੰਡ ਜਾਰੀ ਕਰਵਾਉਣਗੇ-ਕੇਜਰੀਵਾਲ
ਇਸ ਵਾਰ ਕੇਂਦਰ ਵਿਚ ਮੋਦੀ ਸਰਕਾਰ ਨਹੀਂ ਆ ਰਹੀ, ਭਾਰਤ ਵਿਚ ਭਾਰੀ ਬਹੁਮਤ ਨਾਲ ਗੱਠਜੋੜ ਦੀ ਸਰਕਾਰ ਬਣ ਰਹੀ ਹੈ, ਜਿਸ ਵਿਚ ਪੰਜਾਬ ਦਾ ਸਭ ਤੋਂ ਵੱਡਾ ਯੋਗਦਾਨ ਹੋਵੇਗਾ - ਭਗਵੰਤ ਮਾਨ
ਇਹ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਦੀ ਚੋਣ ਹੈ, ਅਰਵਿੰਦ ਕੇਜਰੀਵਾਲ ਇਸ ਲਈ ਲੜ ਰਹੇ ਹਨ- ਭਗਵੰਤ ਮਾਨ
ਅਸੀਂ ਆਪਣੇ ਦੋ ਸਾਲਾਂ ਦੇ ਕੰਮ ਦੇ ਆਧਾਰ 'ਤੇ ਵੋਟਾਂ ਮੰਗ ਰਹੇ ਹਾਂ, ਜਦਕਿ 10 ਸਾਲ ਸੱਤਾ 'ਚ ਰਹਿਣ ਦੇ ਬਾਵਜੂਦ ਪ੍ਰਧਾਨ ਮੰਤਰੀ ਮੋਦੀ ਮੱਝ ਅਤੇ ਮੰਗਲ-ਸੂਤਰ ਦੇ ਨਾਂ 'ਤੇ ਵੋਟਾਂ ਮੰਗ ਰਹੇ ਹਨ – ਭਗਵੰਤ ਮਾਨ
ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ 2 ਸਾਲਾਂ ਵਿੱਚ ਰਿਕਾਰਡ ਕੰਮ ਕੀਤੇ ਹਨ, ਉਸੇ ਤਰ੍ਹਾਂ ਮੈਂ ਪੰਜ ਸਾਲਾਂ 'ਚ ਸੰਗਰੂਰ ਲਈ ਰਿਕਾਰਡ ਕੰਮ ਕਰਾਂਗਾ - ਮੀਤ ਹੇਅਰ
ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਮੀਤ ਹੇਅਰ ਲਈ ਕੀਤਾ ਪ੍ਰਚਾਰ, ਸੰਗਰੂਰ ਵਿੱਚ 'ਆਪ' ਉਮੀਦਵਾਰ ਨਾਲ ਕੀਤਾ ਵੱਡਾ ਰੋਡ ਸ਼ੋਅ, ਲੋਕਾਂ ਨੂੰ ਰਿਕਾਰਡ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ
ਸੰਗਰੂਰ/ਚੰਡੀਗੜ੍ਹ, 30 ਮਈ
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਤੋਂ ‘ਆਪ’ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਲਈ ਚੋਣ ਪ੍ਰਚਾਰ ਕੀਤਾ। ਕੇਜਰੀਵਾਲ ਅਤੇ ਮਾਨ ਨੇ ਸੰਗਰੂਰ 'ਚ 'ਆਪ' ਉਮੀਦਵਾਰ ਨਾਲ ਵੱਡਾ ਰੋਡ ਸ਼ੋਅ ਕੀਤਾ ਅਤੇ ਲੋਕਾਂ ਨੂੰ ਮੀਤ ਹੇਅਰ ਨੂੰ ਰਿਕਾਰਡ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ।
ਰੋਡ ਸ਼ੋਅ 'ਚ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਵੱਖ-ਵੱਖ ਥਾਵਾਂ 'ਤੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਸਵਾਗਤ ਕੀਤਾ। ਲੋਕਾਂ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੰਗਰੂਰ ਮੁੱਖ ਮੰਤਰੀ ਭਗਵੰਤ ਮਾਨ ਦਾ ਆਪਣਾ (ਗ੍ਰਹਿ) ਹਲਕਾ ਹੈ। ਤੁਸੀਂ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਹੈ। ਇਸ ਵਾਰ ਵੀ ਸਾਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਹਨ। ਇਸ ਲਈ ਇੱਥੋਂ ਤੁਹਾਨੂੰ ਉਮੀਦਵਾਰ ਮੀਤ ਹੇਅਰ ਨੂੰ ਸਭ ਤੋਂ ਵੱਧ ਫ਼ਰਕ ਨਾਲ ਜਿਤਾਉਣਾ ਹੈ।
ਕੇਜਰੀਵਾਲ ਨੇ ਕਿਹਾ ਕਿ ਤੁਸੀਂ ਸਾਨੂੰ ਰਿਕਾਰਡ ਬਹੁਮਤ ਨਾਲ ਵਿਧਾਨ ਸਭਾ ਚੋਣਾਂ ਜਿਤਾਇਆ। ਤੁਸੀਂ 117 ਵਿੱਚੋਂ 92 ਵਿਧਾਇਕ ਆਮ ਆਦਮੀ ਪਾਰਟੀ ਨੂੰ ਦਿੱਤੇ ਹਨ। ਹੁਣ ਸਾਨੂੰ ਲੋਕ ਸਭਾ ਵਿੱਚ ਵੀ ਮਜ਼ਬੂਤ ਕਰੋ, ਤਾਂ ਜੋ ਅਸੀਂ ਕੇਂਦਰ ਸਰਕਾਰ ਤੋਂ ਪੰਜਾਬ ਦੇ ਕੰਮ ਆਸਾਨੀ ਨਾਲ ਕਰਵਾਉਣ ਦਾ ਨਾਲ-ਨਾਲ ਪੰਜਾਬ ਦੇ ਸਾਰੇ ਬਕਾਇਆ ਫ਼ੰਡ ਜਾਰੀ ਕਰਵਾ ਸਕੀਏ।
ਉਨ੍ਹਾਂ ਕਿਹਾ ਕਿ ਇਸ ਸਮੇਂ ਭਗਵੰਤ ਮਾਨ ਨੂੰ ਕੇਂਦਰ ਸਰਕਾਰ ਅਤੇ ਰਾਜਪਾਲ ਨਾਲ ਇਕੱਲਿਆਂ ਹੀ ਲੜਨਾ ਪੈ ਰਿਹਾ ਹੈ। ਕੇਂਦਰ ਸਰਕਾਰ ਆਪਣੇ ਰਾਜਪਾਲ ਰਾਹੀਂ ਪੰਜਾਬ ਸਰਕਾਰ ਨੂੰ ਲਗਾਤਾਰ ਤੰਗ-ਪਰੇਸ਼ਾਨ ਕਰ ਰਹੀ ਹੈ। ਜੇਕਰ ਸਾਡੇ ਕੋਲ ਪੰਜਾਬ ਦੇ 13 ਸੰਸਦ ਮੈਂਬਰ ਹੋਣਗੇ ਤਾਂ ਇਹ ਸਾਰੇ ਸੰਸਦ ਵਿੱਚ ਭਗਵੰਤ ਮਾਨ ਦੇ ਹੱਥ ਅਤੇ ਆਵਾਜ਼ ਬਣਨਗੇ ਅਤੇ ਉਨ੍ਹਾਂ ਨਾਲ ਮਿਲ ਕੇ ਕੇਂਦਰ ਸਰਕਾਰ ਅਤੇ ਰਾਜਪਾਲ ਨਾਲ ਪੰਜਾਬ ਦੇ ਹੱਕਾਂ ਲਈ ਲੜਨਗੇ। ਇਸ ਲਈ ਇਸ ਵਾਰ ਆਮ ਆਦਮੀ ਪਾਰਟੀ ਦੇ 13 ਸੰਸਦ ਮੈਂਬਰ ਬਣਾ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਮਜ਼ਬੂਤ ਕਰੋ।
ਕੇਜਰੀਵਾਲ ਨੇ ਕਿਹਾ ਕਿ ਦੋ ਸਾਲ ਪਹਿਲਾਂ ਤੁਸੀਂ ਪੰਜਾਬ 'ਚ ਇਮਾਨਦਾਰ ਸਰਕਾਰ ਬਣਾਈ ਸੀ, ਜਿਸ ਕਾਰਨ ਹੁਣ ਪੰਜਾਬ 'ਚ ਹਰ ਖੇਤਰ 'ਚ ਕਾਫ਼ੀ ਕੰਮ ਹੋ ਰਿਹਾ ਹੈ। ਪਹਿਲੀ ਵਾਰ ਹਜ਼ਾਰਾਂ ਨੌਜਵਾਨਾਂ ਨੂੰ ਬਿਨਾਂ ਕਿਸੇ ਰਿਸ਼ਵਤ ਜਾਂ ਸਿਫ਼ਾਰਸ਼ ਤੋਂ ਸਰਕਾਰੀ ਨੌਕਰੀ ਮਿਲੀ। ਲੋਕਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ। ਵੱਖ-ਵੱਖ ਥਾਵਾਂ 'ਤੇ ਮੁਹੱਲਾ ਕਲੀਨਿਕ ਅਤੇ ਸਕੂਲ ਆਫ਼ ਐਮੀਨੈਂਸ ਬਣਾਏ ਜਾ ਰਹੇ ਹਨ। ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਕਈ ਅਹਿਮ ਕੰਮ ਕੀਤੇ ਜਾਣੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੀ ਤੇਜ਼ੀ ਨਾਲ ਤਰੱਕੀ ਅਤੇ ਵਿਕਾਸ ਲਈ ਇਸ ਵਾਰ ਝਾੜੂ ਦਾ ਬਟਨ ਦਬਾਓ ਅਤੇ ਸਾਡੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਓ।
ਇਸ ਵਾਰ ਕੇਂਦਰ ਵਿਚ ਮੋਦੀ ਸਰਕਾਰ ਨਹੀਂ ਆ ਰਹੀ, ਭਾਰਤ ਵਿਚ ਭਾਰੀ ਬਹੁਮਤ ਨਾਲ ਗੱਠਜੋੜ ਦੀ ਸਰਕਾਰ ਬਣ ਰਹੀ ਹੈ,ਜਿਸ ਵਿਚ ਪੰਜਾਬ ਦਾ ਸਭ ਤੋਂ ਵੱਡਾ ਯੋਗਦਾਨ ਹੋਵੇਗਾ - ਭਗਵੰਤ ਮਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਰੋਡ ਸ਼ੋਅ ਵਿੱਚ ਆਏ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਪੈਸੇ ਦੇ ਕੇ ਵੀ ਲੋਕ ਨਹੀਂ ਮਿਲ ਰਹੇ। ਲੋਕ 50 ਡਿਗਰੀ ਤਾਪਮਾਨ ਵਿੱਚ ਵੀ ਸਾਡੇ ਰੋਡ ਸ਼ੋਅ ਦਾ ਸਮਰਥਨ ਕਰਨ ਲਈ ਆ ਰਹੇ ਹਨ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਤੁਹਾਡਾ ਪਿਆਰ ਅਤੇ ਵਿਸ਼ਵਾਸ ਮੈਨੂੰ ਕਦੇ ਥੱਕਣ ਨਹੀਂ ਦਿੰਦਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਚੋਣਾਂ ਦੇ 6ਵੇਂ ਗੇੜਾਂ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਇਸ ਵਾਰ ਕੇਂਦਰ ਵਿੱਚ ਮੋਦੀ ਸਰਕਾਰ ਨਹੀਂ ਆਉਣ ਵਾਲੀ। ਇੰਡੀਆ ਗੱਠਜੋੜ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਜਾ ਰਿਹਾ ਹੈ। ਇਸ ਸਰਕਾਰ ਵਿਚ ਪੰਜਾਬ ਅਤੇ ਆਮ ਆਦਮੀ ਪਾਰਟੀ ਦਾ ਸਭ ਤੋਂ ਵੱਧ ਯੋਗਦਾਨ ਹੋਵੇਗਾ।
ਭਗਵੰਤ ਮਾਨ ਨੇ ਕਿਹਾ ਕਿ ਇਹ ਚੋਣ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਦੀ ਚੋਣ ਹੈ। ਭਾਜਪਾ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਹੈ ਪਰ ਅਰਵਿੰਦ ਕੇਜਰੀਵਾਲ ਉਸ ਦੇ ਖ਼ਿਲਾਫ਼ ਲੜ ਰਹੇ ਹਨ। ਕੇਜਰੀਵਾਲ ਨੂੰ ਦੇਸ਼ ਦੀ ਚਿੰਤਾ ਹੈ,ਇਸੇ ਲਈ ਉਹ ਐਨੀ ਗਰਮੀ 'ਚ ਤੁਹਾਡੇ ਵਿਚਕਾਰ ਆਏ ਹਨ।
ਮਾਨ ਨੇ ਕਿਹਾ ਕਿ ਭਾਜਪਾ ਅਰਵਿੰਦ ਕੇਜਰੀਵਾਲ ਦੇ ਕੰਮ ਤੋਂ ਡਰਦੀ ਹੈ। ਕੇਜਰੀਵਾਲ ਨੇ ਦਿੱਲੀ ਵਿੱਚ ਬਿਜਲੀ ਮੁਫ਼ਤ ਕੀਤੀ, ਮੁਹੱਲਾ ਕਲੀਨਿਕ ਅਤੇ ਸਕੂਲ ਆਫ਼ ਐਮੀਨੈਂਸ ਬਣਾਏ। ਹਰ ਘਰ ਨੂੰ ਰਾਸ਼ਨ ਅਤੇ ਸਹੂਲਤਾਂ ਪ੍ਰਦਾਨ ਕੀਤੀਆਂ। ਦਿੱਲੀ ਤੋਂ ਬਾਅਦ ਅਸੀਂ ਪੰਜਾਬ ਵਿੱਚ ਵੀ ਉਕਤ ਸਾਰੀਆਂ ਸੁਵਿਧਾਵਾਂ ਲਾਗੂ ਕੀਤੀਆਂ। ਇਸੇ ਲਈ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਸਾਜ਼ਿਸ਼ ਦੇ ਤਹਿਤ ਜੇਲ੍ਹ ਵਿੱਚ ਪਾ ਦਿੱਤਾ। ਪਰ ਉਹ ਕੇਜਰੀਵਾਲ ਨੂੰ ਨਹੀਂ ਰੋਕ ਸਕਦੇ, ਕਿਉਂਕਿ ਅਰਵਿੰਦ ਕੇਜਰੀਵਾਲ ਸਿਰਫ਼ ਇੱਕ ਵਿਅਕਤੀ ਹੀ ਨਹੀਂ ਹਨ, ਉਹ ਇੱਕ ਵਿਚਾਰ ਹਨ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਕੇਜਰੀਵਾਲ ਦੀ ਸਰੀਰ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ, ਪਰ ਉਨ੍ਹਾਂ ਦੇ ਵਿਚਾਰਾਂ ਨੂੰ ਕਿਵੇਂ ਗ੍ਰਿਫ਼ਤਾਰ ਕਰੇਗੀ?
ਮਾਨ ਨੇ ਕਿਹਾ ਕਿ ਅਸੀਂ ਆਪਣੇ ਦੋ ਸਾਲਾਂ ਦੇ ਕੰਮਾਂ ਦੇ ਆਧਾਰ 'ਤੇ ਇਸ ਚੋਣ ਵਿੱਚ ਲੋਕਾਂ ਤੋਂ ਵੋਟਾਂ ਮੰਗ ਰਹੇ ਹਾਂ। ਅਸੀਂ 43000 ਸਰਕਾਰੀ ਨੌਕਰੀਆਂ ਦਿੱਤੀਆਂ। ਆਮ ਲੋਕਾਂ ਲਈ ਬਿਜਲੀ ਮੁਫ਼ਤ ਕੀਤੀ। ਕਿਸਾਨਾਂ ਨੂੰ ਬਿਨਾਂ ਕਿਸੇ ਕੱਟ ਦੇ ਦਿਨ ਦੇ ਸਮੇਂ ਲੋੜੀਂਦੀ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ ਖੇਤਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ। 10 ਸਾਲ ਸੱਤਾ 'ਚ ਰਹਿਣ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿੰਦੂ, ਮੁਸਲਮਾਨ, ਗਾਂ, ਮੱਝ ਅਤੇ ਮੰਗਲ-ਸੂਤਰ ਦੇ ਨਾਂ 'ਤੇ ਵੋਟਾਂ ਮੰਗ ਰਹੇ ਹਨ। ਉਨ੍ਹਾਂ ਕੋਲ ਗਿਣਾਉਣ ਲਈ ਕੋਈ ਕੰਮ ਨਹੀਂ ਹੈ। ਇਹ ਦੇਸ਼ ਦੀ ਵੱਡੀ ਬਦਕਿਸਮਤੀ ਹੈ।
ਮਾਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਤੁਸੀਂ ਮੈਨੂੰ 2 ਲੱਖ 14 ਹਜ਼ਾਰ ਦੇ ਕਰੀਬ ਵੋਟਾਂ ਨਾਲ ਜਿਤਾਇਆ ਸੀ। ਮੈਨੂੰ ਬਹੁਤ ਖ਼ੁਸ਼ੀ ਹੋਵੇਗੀ ਜਦੋਂ ਤੁਸੀਂ ਉਸ ਰਿਕਾਰਡ ਨੂੰ ਸੁਧਾਰ ਕੇ ਮੀਤ ਹੇਅਰ ਨੂੰ 2.5 ਲੱਖ ਵੋਟਾਂ ਨਾਲ ਜਿਤਾਉਗੇ। ਫਿਰ ਅਸੀਂ ਹੋਰ ਮਿਹਨਤ ਅਤੇ ਲਗਨ ਨਾਲ ਕੰਮ ਕਰ ਸਕਾਂਗੇ। ਉਨ੍ਹਾਂ ਕਿਹਾ ਕਿ 1 ਜੂਨ ਨੂੰ ਸਾਨੂੰ ਜਿਤਾਉਣਾ ਤੁਹਾਡੀ ਜ਼ਿੰਮੇਵਾਰੀ ਹੈ, ਉਸ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਸਾਡੀ ਹੋਵੇਗੀ। ਅਗਲੇ ਤਿੰਨ ਸਾਲਾਂ ਵਿੱਚ ਅਸੀਂ ਮਿਲ ਕੇ ਪੰਜਾਬ ਨੂੰ ਮੁੜ ਸੋਨੇ ਦੀ ਚਿੜੀ ਬਣਾਵਾਂਗੇ।
ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਦੋ ਸਾਲਾਂ ਵਿੱਚ ਰਿਕਾਰਡ ਕੰਮ ਕੀਤੇ ਹਨ, ਉਸੇ ਤਰ੍ਹਾਂ ਮੈਂ ਪੰਜ ਸਾਲਾਂ 'ਚ ਸੰਗਰੂਰ ਵਿੱਚ ਐਨੇ ਕੰਮ ਕਰਾਂਗਾ ਜਿੰਨੇ ਪਿਛਲੇ 75 ਸਾਲਾਂ ਵਿੱਚ ਨਹੀਂ ਹੋਏ - ਮੀਤ ਹੇਅਰ
ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਸੰਗਰੂਰ ਤੋਂ ‘ਆਪ’ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਸੰਗਰੂਰ ਦੇ ਲੋਕ ਆਮ ਆਦਮੀ ਪਾਰਟੀ ਦੇ ਨਾਲ ਖੜ੍ਹੇ ਹਨ। ਮੈਂ ਜਿੱਥੇ ਵੀ ਚੋਣ ਪ੍ਰਚਾਰ ਲਈ ਜਾਂਦਾ ਹਾਂ, ਲੋਕ ਵੱਡੀ ਗਿਣਤੀ ਵਿੱਚ ਸਾਡੇ ਸਮਰਥਨ ਲਈ ਆਉਂਦੇ ਹਨ। ਉਨ੍ਹਾਂ ਲੋਕਾਂ ਨਾਲ ਵਾਅਦਾ ਕੀਤਾ ਕਿ ਜਿੱਤਣ ਤੋਂ ਬਾਅਦ ਸੰਗਰੂਰ ਦੀ ਤਰੱਕੀ ਲਈ ਦਿਨ ਰਾਤ ਮਿਹਨਤ ਕਰਾਂਗਾ। ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਦੋ ਸਾਲਾਂ ਵਿੱਚ ਪੰਜਾਬ ਲਈ ਰਿਕਾਰਡ ਕੰਮ ਕੀਤੇ ਹਨ, ਉਸੇ ਤਰ੍ਹਾਂ ਮੈਂ ਪੰਜ ਸਾਲਾਂ 'ਚ ਸੰਗਰੂਰ ਵਿੱਚ ਐਨੇ ਕੰਮ ਕਰਾਂਗਾ ਜਿੰਨੇ ਪਿਛਲੇ 75 ਸਾਲਾਂ ਵਿੱਚ ਨਹੀਂ ਹੋਏ।