-ਘੜ੍ਹਾਮ ਦੇ ਵਿਕਾਸ ਦੀ ਯੋਜਨਾ ਉਲੀਕਣ ਲਈ ਡੀ.ਸੀ. ਵੱਲੋਂ ਅਧਿਕਾਰੀਆਂ ਸਮੇਤ ਪਿੰਡ ਦਾ ਦੌਰਾ
ਮੁੱਖ ਮੰਤਰੀ ਭਗਵੰਤ ਮਾਨ ਦੀ ਵਿਸ਼ੇਸ਼ ਪਹਿਲਕਦਮੀ ਤੇ ਵਿਧਾਇਕ ਪਠਾਣਮਾਜਰਾ ਦੀਆਂ ਕੋਸ਼ਿਸ਼ਾਂ ਸਦਕਾ ਘੜ੍ਹਾਮ ਨੂੰ ਆਦਰਸ਼ ਪਿੰਡ ਬਣਾਉਣ ਦੀ ਤਜਵੀਜ ਬਣਾਈ-ਸਾਕਸ਼ੀ ਸਾਹਨੀ
ਭੁੱਨਰਹੇੜੀ/ਘੜਾਮ/ਪਟਿਆਲਾ, 11 ਅਪ੍ਰੈਲ: ਹਲਕਾ ਸਨੌਰ ਦੇ ਇਤਿਹਾਸਕ ਤੇ ਵਿਰਾਸਤੀ ਪਿੰਡ ਘੜ੍ਹਾਮ ਨੂੰ ਸੈਰ ਸਪਾਟੇ ਦਾ ਕੇਂਦਰ ਬਣਾਉਣ ਲਈ ਘੜ੍ਹਾਮ ਨੂੰ ਆਦਰਸ਼ ਪਿੰਡ ਵਜੋਂ ਵਿਕਸਤ ਕੀਤਾ ਜਾਵੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕੀਤਾ, ਜੋਕਿ ਪੰਜਾਬ ਤੇ ਹਰਿਆਣਾ ਦੀ ਹੱਦ 'ਤੇ ਵੱਸੇ ਪਿੰਡ ਘੜ੍ਹਾਮ ਵਿਖੇ ਪੁੱਜੇ ਹੋਏ ਸਨ। ਉਨ੍ਹਾਂ ਨੇ ਪਿੰਡ ਘੜ੍ਹਾਮ ਦਾ ਦੌਰਾ ਕਰਕੇ ਇਸ ਪਿੰਡ 'ਚ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਦੀ ਤਜਵੀਜ਼ ਬਣਾਉਣ ਲਈ ਪਿੰਡ ਤੇ ਇਲਾਕਾ ਵਾਸੀਆਂ ਸਮੇਤ ਅਧਿਕਾਰੀਆਂ ਨਾਲ ਬੈਠਕ ਵੀ ਕੀਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਸ਼ੇਸ਼ ਪਹਿਲਕਦਮੀ ਅਤੇ ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀਆਂ ਲਗਾਤਾਰ ਕੋਸ਼ਿਸ਼ਾਂ ਸਦਕਾ ਘੜ੍ਹਾਮ ਨੂੰ ਆਦਰਸ਼ ਪਿੰਡ ਬਣਾਉਣ ਦੀ ਤਜਵੀਜ ਬਣਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਵਿਰਾਸਤ ਤੇ ਇਤਿਹਾਸ 'ਚ ਪਟਿਆਲਾ ਦੇ ਖਾਸ ਸਥਾਨ 'ਤੇ ਸਭ ਨੂੰ ਫ਼ਖਰ ਹੈ, ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪਟਿਆਲਾ ਜ਼ਿਲ੍ਹੇ ਦੀ ਵਿਰਾਸਤੀ ਧਰੋਹਰ ਨੂੰ ਸੰਭਾਲਣ ਤੇ ਇਸ ਨੂੰ ਕੌਮਾਂਤਰੀ ਸੈਰ ਸਪਾਟਾ ਨਕਸ਼ੇ 'ਤੇ ਉਭਾਰਨ ਲਈ ਯਤਨਸ਼ੀਲ ਹੈ।
ਸਾਕਸ਼ੀ ਸਾਹਨੀ ਨੇ ਇਲਾਕੇ ਦੇ ਪਤਵੰਤੇ ਤੇ ਅਧਿਕਾਰੀਆਂ ਨਾਲ ਬੈਠਕ ਕਰਦਿਆਂ ਦੱਸਿਆ ਕਿ ਪਿੰਡ ਨੂੰ ਜੋੜਦੀਆਂ ਸੜਕਾਂ ਨੂੰ ਭਗਵਾਨ ਰਾਮ ਜੀ ਦੇ ਨਾਮ 'ਤੇ ਰੱਖਣਾ ਤੇ ਚੌੜਾ ਕਰਨ ਤੇ ਸੋਲਰ ਲਾਇਟਿੰਗ, ਸਵਾਗਤੀ ਗੇਟ, ਬੂਟੇ ਲਗਾਉਣੇ, ਡਿਸਪੈਂਸਰੀ ਤੇ ਆਮ ਆਦਮੀ ਕਲੀਨਿਕ, ਸੁੰਦਰੀਕਰਨ, ਸੀਵਰੇਜ ਟਰੀਟਮੈਂਟ ਪਲਾਂਟ, ਧਰਤੀ ਹੇਠਲਾ ਪਾਣੀ ਰੀਚਾਰਜ ਕਰਨਾ, ਸਾਂਝਾ ਜਲ ਤਲਾਬ, ਛੱਪੜ ਦਾ ਸੀਚੇਵਾਲ ਮਾਡਲ ਨਾਲ ਨਵੀਨੀਕਰਨ, ਜਿੰਮ ਤੇ ਖੇਡ ਦਾ ਮੈਦਾਨ, ਸਕੂਲ ਤੇ ਆਂਗਣਵਾੜੀ ਕੇਂਦਰ ਦੀ ਅਪਗ੍ਰੇਡੇਸ਼ਨ, ਕਮਿਉਨਿਟੀ ਸੈਂਟਰ, ਗਊਸ਼ਾਲਾ, ਬਾਇਓ ਗੈਸ ਪਲਾਂਟ, ਟੂਰਿਜ਼ਮ ਸੈਂਟਰ, ਸੋਲਰ ਪਾਰਕ, ਸੋਲਰ ਕੋਲਡ ਸਟੋਰੇਜ ਸਿਸਟਮ, ਤੁਪਕਾ ਸਿੰਚਾਈ, ਟਿੱਲੇ ਦੀ ਸੰਭਾਲ, ਮੰਡੀ ਦੀ ਅਪ੍ਰਗ੍ਰੇਡੇਸ਼ਨ, ਸਮਸ਼ਾਨਘਾਟ ਦਾ ਨਵੀਨੀਕਰਨ ਆਦਿ ਸਮੇਤ ਹੋਰ ਕਈ ਵਿਕਾਸ ਕੰਮ ਕੀਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡ ਘੜ੍ਹਾਮ ਦਾ ਸਬੰਧ ਜਿੱਥੇ ਸ੍ਰੀ ਰਾਮ ਚੰਦਰ ਜੀ ਦੇ ਮਾਤਾ ਕੌਸ਼ੱਲਿਆ ਨਾਲ ਜੁੜ੍ਹਦਾ ਹੈ, ਕਿਉਂਕਿ ਇਹ ਪ੍ਰਚਲਿਤ ਹੈ ਕਿ ਭਗਵਾਨ ਰਾਮ ਦੇ ਪਿਤਾ ਜੀ ਮਹਾਰਾਜਾ ਦਸਰਥ ਬਰਾਤ ਲੈਕੇ ਢੁੱਕੇ ਸਨ ਤੇ ਉਨ੍ਹਾਂ ਦਾ ਮਾਤਾ ਕੌਸ਼ਲਿਆ ਨਾਲ ਵਿਆਹ ਹੋਇਆ ਸੀ। ਜਦੋਂਕਿ 450 ਸਾਲ ਪੁਰਾਣੀ ਦਰਗਾਹ ਸ਼ਰੀਫ਼ ਪੀਰ ਭੀਖਨ ਸ਼ਾਹ ਮੀਰਾਂ ਜੀ ਵਿਖੇ ਪੀਰ ਬਾਬਾ ਭੀਖਮ ਸ਼ਾਹ ਨੇ ਵੀ ਆਪਣਾ ਟਿਕਾਣਾ ਬਣਾਇਆ ਅਤੇ ਇਥੇ ਹੀ ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ (ਮਿਲਾਪਸਰ) ਵਿਖੇ 1702 ਈਸਵੀ ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਉਨ੍ਹਾਂ ਦਾ ਮਿਲਾਪ ਹੋਇਆ ਸੀ।
ਜਦੋਂਕਿ ਹੁਣ ਖੰਡਰ ਹੋ ਚੁੱਕਿਆ ਘੜ੍ਹਾਮ ਦਾ ਕਿਲਾ, ਵੀ ਵਿਰਾਸਤੀ ਥਾਂ ਹੈ, ਜਿਸਨੂੰ ਸ਼ਹਾਬੂਦੀਨ ਮੁਹੰਮਦ ਗੌਰੀ ਵੱਲੋਂ 13ਵੀਂ ਸਦੀ 'ਚ ਸਮਾਣਾ ਦੇ ਕਿਲੇ ਦੇ ਨਾਲ ਤਾਮੀਰ ਕਰਵਾਇਆ ਤੇ ਇਸਨੂੰ ਕੁਤਬਦੀਨ ਐਬਕ ਨੂੰ ਸੌਂਪਿਆ ਗਿਆ ਸੀ। ਇੱਥੇ ਮੰਦਿਰ ਮਾਤਾ ਕੌਸ਼ੱਲਿਆ ਦੇਵੀ, ਪਾਤੇਲਸ਼ਵਰ ਮੰਦਿਰ ਵੀ ਸਥਿਤ ਹੈ, ਜਿਨ੍ਹਾਂ ਦੀ ਸ਼ਰਧਾਲੂਆਂ 'ਚ ਬਹੁਤ ਮਾਨਤਾ ਹੈ।
ਇਸ ਮੀਟਿੰਗ 'ਚ ਏ.ਡੀ.ਸੀ. (ਦਿਹਾਤੀ ਵਿਕਾਸ) ਈਸ਼ਾ ਸਿੰਘਲ, ਸਹਾਇਕ ਕਮਿਸ਼ਨਰ (ਯੂ.ਟੀ.) ਡਾ. ਅਕਸ਼ਿਤਾ ਗੁਪਤਾ, ਐਸ.ਡੀ.ਐਮ. ਦੂਧਨ ਸਾਧਾਂ ਕਿਰਪਾਲ ਵੀਰ ਸਿੰਘ, ਡੀ.ਡੀ.ਪੀ.ਓ. ਅਮਨਦੀਪ ਕੌਰ, ਇਲਾਕੇ ਦੇ ਪਤਵੰਤੇ ਹਰਦੇਵ ਸਿੰਘ ਤੇ ਸੁਖਵਿੰਦਰ ਸਿੰਘ ਸਮੇਤ ਪੰਚਾਇਤੀ ਰਾਜ ਤੇ ਮੰਡੀ ਬੋਰਡ ਦੇ ਅਧਿਕਾਰੀ ਤੇ ਹੋਰਨਾਂ ਵਿਭਾਗਾਂ ਦੇ ਨੁਮਾਇੰਦੇ ਵੀ ਮੌਜੂਦ ਸਨ।
ਇਸ ਨੂੰ ਪੜ੍ਹੋ:
ਮੁੱਖ ਮੰਤਰੀ ਦੀ ਅਗਵਾਈ ਹੇਠ ਕੈਬਨਿਟ ਵੱਲੋਂ ਕੇਂਦਰ ਸਰਕਾਰ ਤੋਂ ਕਣਕ ਦੇ ਖ਼ਰੀਦ ਮਾਪਦੰਡਾਂ ਵਿੱਚ ਛੋਟ ਦੀ ਮੰਗ