ਵੋਟਾਂ ਦੀ ਗਿਣਤੀ ਲਈ ਅਮਲੇ ਦੀ ਪਹਿਲੀ ਰੈਂਡਮਾਈਜੇਸ਼ਨ ਆਯੋਜਿਤ
- ਵੋਟਾਂ ਦੀ ਗਿਣਤੀ ਲਈ ਪੁਖਤਾ ਪ੍ਰਬੰਧ - ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ
ਲੁਧਿਆਣਾ, 15 ਮਈ (000) - ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਦੀ ਦੇਖ-ਰੇਖ ਹੇਠ ਬੁੱਧਵਾਰ ਨੂੰ ਵੋਟਾਂ ਦੀ ਗਿਣਤੀ ਲਈ ਅਮਲੇ ਦੀ ਪਹਿਲੀ ਰੈਂਡਮਾਈਜ਼ੇਸ਼ਨ ਕਰਵਾਈ ਗਈ।
ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ 840 ਕਾਊਂਟਿੰਗ ਸਟਾਫ ਦੀ ਰੈਂਡਮਾਈਜ਼ੇਸ਼ਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ 14 ਵਿਧਾਨ ਸਭਾ ਹਲਕਿਆਂ ਲਈ ਇੱਕ-ਇੱਕ ਕਾਊਂਟਿੰਗ ਹਾਲ ਬਣਾਇਆ ਗਿਆ ਹੈ ਅਤੇ ਹਰੇਕ ਹਾਲ ਵਿੱਚ 14 ਕਾਊਂਟਿੰਗ ਟੇਬਲ ਹੋਣਗੇ।
ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਕਿਹਾ ਕਿ ਰੈਂਡਮਾਈਜ਼ੇਸ਼ਨ ਦਾ ਉਦੇਸ਼ ਵੋਟਾਂ ਦੀ ਗਿਣਤੀ ਲਈ ਸਟਾਫ ਦੀ ਤਾਇਨਾਤੀ ਕਰਨਾ ਸੀ। ਉਨ੍ਹਾਂ ਦੱਸਿਆ ਕਿ 4 ਜੂਨ ਨੂੰ ਹਰੇਕ ਕਾਊਂਟਿੰਗ ਹਾਲ ਵਿੱਚ 14 ਕਾਊਂਟਿੰਗ ਟੇਬਲ ਸਥਾਪਤ ਕੀਤੇ ਜਾਣਗੇ ਅਤੇ ਗਿਣਤੀ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੁਪਰਵਾਈਜ਼ਰ, ਕਾਊਂਟਿੰਗ ਸਹਾਇਕ ਅਤੇ ਮਾਈਕਰੋ ਅਬਜ਼ਰਵਰ ਤਾਇਨਾਤ ਕੀਤੇ ਜਾਣਗੇ।
ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਕਿਹਾ ਕਿ ਉਸ ਦਿਨ ਇਲੈਕਟ੍ਰਾਨਿਕਲੀ ਟ੍ਰਾਂਸਮਿਟਿਡ ਪੋਸਟਲ ਬੈਲਟ ਸਿਸਟਮ (ਈ.ਟੀ.ਪੀ.ਬੀ.ਐਸ.) ਅਤੇ ਪੋਸਟਲ ਬੈਲਟ ਦੀ ਗਿਣਤੀ ਲਈ ਵੱਖਰਾ ਸਟਾਫ ਤਾਇਨਾਤ ਕੀਤਾ ਜਾਵੇਗਾ। ਇੱਕ ਕਾਉਂਟਿੰਗ ਪਾਰਟੀ ਵਿੱਚ ਇੱਕ ਕਾਉਂਟਿੰਗ ਸੁਪਰਵਾਈਜ਼ਰ, ਕਾਉਂਟਿੰਗ ਅਸਿਸਟੈਂਟ ਅਤੇ ਇੱਕ ਮਾਈਕਰੋ ਅਬਜ਼ਰਵਰ ਹੁੰਦਾ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਕਾਉਂਟਿੰਗ ਸਟਾਫ਼ ਨੂੰ ਸਿਖਲਾਈ ਦੇਣ ਲਈ ਪਹਿਲੀ ਰਿਹਰਸਲ ਆਉਣ ਵਾਲੇ ਦਿਨਾਂ ਵਿੱਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੋਟਾਂ ਦੀ ਗਿਣਤੀ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਚਨਬੱਧ ਹੈ।