ਐਸ ਏ ਐਸ ਨਗਰ ਚ ਸੀਵਿਜਿਲ 'ਤੇ 66 ਸ਼ਿਕਾਇਤਾਂ ਮਿਲੀਆਂ, ਪ੍ਰਸ਼ਾਸਨ ਨੇ ਸਮੇਂ ਸਿਰ ਕੀਤਾ ਨਿਪਟਾਰਾ-ਏ ਡੀ ਸੀ ਵਿਰਾਜ ਐਸ ਤਿੜਕੇ
66 ਸ਼ਿਕਾਇਤਾਂ ਵਿੱਚੋਂ 42 ਸਹੀ ਪਾਈਆਂ ਗਈਆਂ 24x7 ਸ਼ਿਕਾਇਤ ਨਿਗਰਾਨੀ ਸੈੱਲ ਸਰਗਰਮੀ ਨਾਲ ਕੰਮ ਕਰ ਰਿਹਾ ਹੈ
ਐਸ.ਏ.ਐਸ.ਨਗਰ, 13 ਮਈ, 2024: ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵਿਰਾਜ ਐਸ ਤਿੜਕੇ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 24x7 ਸ਼ਿਕਾਇਤ ਨਿਗਰਾਨੀ ਸੈੱਲ ਸਥਾਪਿਤ ਕੀਤਾ ਗਿਆ ਹੈ, ਜਿੱਥੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਵੱਖ-ਵੱਖ ਸੰਚਾਰ ਸਾਧਨਾਂ ਰਾਹੀਂ ਪ੍ਰਾਪਤ ਹੋਈਆਂ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾ ਰਿਹਾ ਹੈ। ਏ ਡੀ ਈ ਓ ਨੇ ਅੱਗੇ ਦੱਸਿਆ ਕਿ ਸ਼ਿਕਾਇਤ ਸੈੱਲ ਨੂੰ ਹੁਣ ਤੱਕ ਭਾਰਤੀ ਚੋਣ ਕਮਿਸ਼ਨ (ਈ ਸੀ ਆਈ) ਦੁਆਰਾ ਵਿਕਸਤ ਕੀਤੇ ਗਏ ਸੀ ਵਿਜਿਲ ਐਪ ਰਾਹੀਂ ਹੁਣ ਤੱਕ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨਾਲ ਸਬੰਧਤ 66 ਸ਼ਿਕਾਇਤਾਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ 23 ਸ਼ਿਕਾਇਤਾਂ ਵੱਖ-ਵੱਖ ਕਾਰਨਾਂ (ਸਹੀ ਨਾ ਪਾਈਆਂ ਜਾਣ ਕਾਰਨ) ਕਰਕੇ ਰੱਦ ਹੋਈਆਂ ਸਨ ਜਦਕਿ ਬਾਕੀ 42 ਸ਼ਿਕਾਇਤਾਂ ਸਹੀ ਪਾਈਆਂ ਗਈਆਂ ਸਨ ਅਤੇ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਨਿਰਧਾਰਤ 100 ਮਿੰਟ ਦੀ ਸਮਾਂ ਸੀਮਾ ਦੇ ਅੰਦਰ ਨਿਪਟਾਈਆਂ ਗਈਆਂ ਹਨ ਜਦਕਿ ਇੱਕ ਸ਼ਿਕਾਇਤ ਪ੍ਰਗਤੀ ਅਧੀਨ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਸੀ ਵਿਜਿਲ ਐਪ 'ਤੇ ਕੋਈ ਸ਼ਿਕਾਇਤ ਮਿਲਦੀ ਹੈ, ਤਾਂ ਫਲਾਇੰਗ ਸਕੁਐਡ ਟੀਮਾਂ ਨੂੰ ਸ਼ਿਕਾਇਤ ਮਿਲਣ ਦੇ ਪੰਜ ਮਿੰਟਾਂ ਦੇ ਅੰਦਰ-ਅੰਦਰ ਸੌਂਪ ਦਿੱਤੀ ਜਾਂਦੀ ਹੈ, ਜਿਸ ਤੋਂ ਬਾਅਦ ਟੀਮ ਨੂੰ 15 ਮਿੰਟਾਂ ਦੇ ਅੰਦਰ ਉਥੇ ਪਹੁੰਚਣਾ ਪੈਂਦਾ ਹੈ। 30 ਮਿੰਟਾਂ ਦੇ ਅੰਦਰ-ਅੰਦਰ ਸ਼ਿਕਾਇਤ ਦੀ ਜਾਂਚ ਕਰਕੇ ਅਗਲੇਰੀ ਕਾਰਵਾਈ ਲਈ ਹਲਕੇ ਦੇ ਸਹਾਇਕ ਰਿਟਰਨਿੰਗ ਅਫ਼ਸਰ ਨੂੰ ਰਿਪੋਰਟ ਭੇਜ ਦਿੱਤੀ ਜਾਂਦੀ ਹੈ। ਏ ਆਰ ਓ ਨੇ ਅਗਲੇ 50 ਮਿੰਟਾਂ ਵਿੱਚ ਸ਼ਿਕਾਇਤ 'ਤੇ ਕਾਰਵਾਈ ਕਰਨੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਸਿਰਫ਼ 100 ਮਿੰਟਾਂ ਵਿੱਚ ਸ਼ਿਕਾਇਤ ਦਾ ਨਿਪਟਾਰਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਐਪ ਗੂਗਲ ਪਲੇਅ ਸਟੋਰ 'ਤੇ ਉਪਲਬਧ ਹੈ ਅਤੇ ਇਸ ਐਪ ਨਾਲ ਨਾਗਰਿਕ ਆਦਰਸ਼ ਚੋਣ ਜ਼ਾਬਤੇ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਸਬੰਧੀ ਫੋਟੋਆਂ ਅਤੇ ਵੀਡੀਓ ਨੂੰ ਸਥਾਨ ਆਧਾਰਿਤ ਵੇਰਵਿਆਂ ਨਾਲ ਮੌਕੇ ਤੋਂ ਅਪਲੋਡ ਕਰ ਸਕਦੇ ਹਨ। ਜਦੋਂ ਉਹ ਕੋਈ ਤਸਵੀਰ ਜਾਂ ਵੀਡੀਓ ਅਪਲੋਡ ਕਰਦੇ ਹਨ, ਉਡਣ ਦਸਤੇ ਅਤੇ ਸਹਾਇਕ ਰਿਟਰਨਿੰਗ ਅਫਸਰਾਂ ਦੁਆਰਾ ਤੁਰੰਤ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ। ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਇਹ ਵੀ ਦੱਸਿਆ ਕਿ ਇਹਨਾਂ ਸ਼ਿਕਾਇਤਾਂ ਦੇ ਹੱਲ ਲਈ ਔਸਤ ਸਮਾਂ 43.26 ਮਿੰਟ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕ ਸਭਾ ਚੋਣਾਂ ਨੂੰ ਆਜ਼ਾਦ, ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤਮਈ ਢੰਗ ਨਾਲ ਕਰਵਾਉਣ ਲਈ ਆਦਰਸ਼ ਚੋਣ ਜ਼ਾਬਤੇ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ।