—ਅਬੋਹਰ ਵਿਖੇ ਮੀਡੀਆ ਨਾਲ ਕੀਤੀ ਗੱਲਬਾਤ
ਅਬੋਹਰ (ਫਾਜਿ਼ਲਕਾ) 12 ਦਸੰਬਰ: ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐਸ ਜਿ਼ਨ੍ਹਾਂ ਕੋਲ ਅਬੋਹਰ ਨਗਰ ਨਿਗਮ ਦੇ ਕਮਿਸ਼ਨਰ ਦਾ ਵੀ ਵਾਧੂ ਚਾਰਜ ਹੈ, ਨੇ ਸੋਮਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਉਦੇਸ਼ ਰਹੇਗਾ ਕਿ ਜਿ਼ਲ੍ਹੇ ਦੇ ਲੋਕਾਂ ਨੂੰ ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨ ਮੁਹਈਆ ਕਰਵਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਉਹ ਅਬੋਹਰ ਵਿਖੇ ਵੀ ਨਿਯਮਤ ਤੌਰ ਤੇ ਆਉਂਦੇ ਰਹਿਣਗੇ ਤਾਂ ਜ਼ੋ ਨਗਰ ਨਿਗਮ ਨਾਲ ਸਬੰਧਤ ਲੋਕਾਂ ਦੇ ਕੰਮਕਾਜ ਤੇਜੀ ਨਾਲ ਕੀਤੇ ਜਾ ਸਕਨ।
ਡਿਪਟੀ ਕਮਿਸ਼ਨਰ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਅਬੋਹਰ ਸ਼ਹਿਰ ਦੇ ਬਕਾਇਆ ਵਿਕਾਸ ਪ੍ਰੋਜ਼ੈਕਟਾਂ ਨੂੰ ਛੇਤੀ ਪੂਰਾ ਕਰਨਾ ਟੀਚਾ ਹੈ ਪਰ ਇਸ ਲਈ ਨਿਗਮ ਦੀ ਆਮਦਨ ਵਾਧੇ ਲਈ ਵੀ ਯਤਨ ਕੀਤੇ ਜਾਣਗੇ। ਉਨ੍ਹਾਂ ਨੇ ਮੌਕੇ ਤੇ ਹੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਸਪਤਾਲ ਨੂੰ ਜਾਣ ਵਾਲੀਆਂ ਸੜਕਾਂ ਤੋਂ ਸਾਰੇ ਆਰਜੀ ਕਬਜੇ ਹਟਾਏ ਜਾਣ ਤਾਂ ਜ਼ੋ ਲੋਕ ਕਿਸੇ ਵੀ ਅਪਾਤ ਸਥਿਤੀ ਵਿਚ ਹਸਪਤਾਲ ਵਿਚ ਤੇਜੀ ਨਾਲ ਪਹੁੰਚ ਸਕਨ।ਉਨ੍ਹਾਂ ਨੇ ਸ਼ਹਿਰ ਵਿਚ ਸਟਰੀਟ ਲਾਇਟ ਦਰੁਸੱਤ ਕਰਨ ਲਈ ਵੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਮੀਡੀਆ ਦੀ ਸਮਾਜ ਵਿਚ ਬਹੁਤ ਅਹਿਮ ਭੁਮਿਕਾ ਹੈ ਅਤੇ ਮੀਡੀਆ ਤੋਂ ਮਿਲਣ ਵਾਲੇ ਫੀਡਬੈਕ ਤੇ ਵੀ ਪੂਰੀ ਤਵੱਜੋ ਦਿੱਤੀ ਜਾਵੇਗੀ।