ਚੰਡੀਗੜ੍ਹ, 28 ਫਰਵਰੀ: Department of Technical Education: ਪੰਜਾਬ ਦੇ ਤਕਨੀਕੀ ਸਿੱਖਿਆ ਵਿਭਾਗ ਵੱਲੋਂ ਸੂਬੇ ਦੀਆਂ ਵੱਖ-ਵੱਖ ਸੰਸਥਾਵਾਂ ਦੀ ਸਾਲਾਨਾ ਮਾਨਤਾ ਦੀ ਜਾਂਚ ਲਈ ਆਈ.ਆਈ.ਟੀ. ਰੋਪੜ, ਐਨ.ਆਈ.ਟੀ. ਜਲੰਧਰ ਅਤੇ ਐਨ.ਆਈ.ਪੀ.ਈ.ਆਰ. ਦਾ ਸਹਿਯੋਗ ਲਿਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਤਕਨੀਕੀ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ (ਪੀ.ਐੱਸ.ਬੀ.ਟੀ.ਈ. ਐਂਡ ਆਈ.ਟੀ.) ਵੱਲੋਂ ਕ੍ਰਮਵਾਰ ਏ.ਆਈ.ਸੀ.ਟੀ.ਈ. ਅਤੇ ਫਾਰਮੇਸੀ ਕੌਂਸਲ ਆਫ਼ ਇੰਡੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੂਬੇ ਦੀਆਂ ਵੱਖ-ਵੱਖ ਪੌਲੀਟੈਕਨਿਕ ਅਤੇ ਫਾਰਮੇਸੀ ਸੰਸਥਾਵਾਂ ਨੂੰ ਸਾਲਾਨਾ ਮਾਨਤਾ ਦਿੱਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਅਤੇ ਯੂਟੀ ਚੰਡੀਗੜ੍ਹ ਵਿੱਚ ਲਗਭਗ 100 ਪੌਲੀਟੈਕਨਿਕ ਅਤੇ 109 ਫਾਰਮੇਸੀ ਸੰਸਥਾਵਾਂ ਹਨ। ਮੁੱਖ ਮੰਤਰੀ, ਪੰਜਾਬ ਸ. ਭਗਵੰਤ ਮਾਨ ਦੇ ਸੁਪਨੇ ਅਨੁਸਾਰ ਮਾਨਤਾ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਅਤੇ ਇਸ ਵਿੱਚ ਪਾਰਦਰਸ਼ਤਾ ਲਿਆਉਣ ਲਈ ਵਿਭਾਗ ਨੇ ਸੈਸ਼ਨ 2023-24 ਤੋਂ ਪੀ.ਐੱਸ.ਬੀ.ਟੀ.ਈ. ਲਈ ਇੱਕ ਔਨਲਾਈਨ ਮਾਨਤਾ ਪੋਰਟਲ ਸ਼ੁਰੂ ਕੀਤਾ ਹੈ।
ਤਕਨੀਕੀ ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਸਟੇਟ ਤਕਨੀਕੀ ਸਿੱਖਿਆ ਬੋਰਡ ਦੀ ਚੇਅਰਪਰਸਨ ਸ੍ਰੀਮਤੀ ਸੀਮਾ ਜੈਨ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਵਿਭਾਗ ਨੇ ਇਸ ਸਾਲ ਵੱਖ-ਵੱਖ ਸੰਸਥਾਵਾਂ ਦੀ ਸਾਲਾਨਾ ਮਾਨਤਾ ਦੀ ਜਾਂਚ ਲਈ ਆਈਆਈਟੀ ਰੋਪੜ, ਐਨਆਈਟੀ ਜਲੰਧਰ ਅਤੇ ਐਨਆਈਪੀਈਆਰ ਵਰਗੀਆਂ ਨਾਮਵਰ ਸੰਸਥਾਵਾਂ ਦੀਆਂ ਸੇਵਾਵਾਂ ਲੈਣ ਦੀ ਪਹਿਲਕਦਮੀ ਕੀਤੀ ਹੈ।
ਸ੍ਰੀ ਬੈਂਸ ਨੇ ਕਿਹਾ ਕਿ ਇਹ ਪੀਐਸਬੀਟੀਈ ਦੁਆਰਾ ਕੀਤੇ ਜਾਂਦੇ ਸਾਲਾਨਾ ਮਾਨਤਾ ਨਿਰੀਖਣਾਂ ਦੀ ਗੁਣਵੱਤਾ ਅਤੇ ਨਿਰਪੱਖਤਾ ਵਿੱਚ ਸੁਧਾਰ ਕਰੇਗਾ। ਇਹ ਨਾਮਵਰ ਸੰਸਥਾਵਾਂ ਆਪਣੀ ਸੀਨੀਅਰ ਫੈਕਲਟੀ ਨੂੰ ਸ਼ਾਮਲ ਕਰਕੇ 28.02.2023 ਤੋਂ 23.03.2023 ਤੱਕ ਪੀਐਸਬੀਟੀਈ ਦੀ ਤਰਫੋਂ ਸਾਲਾਨਾ ਮਾਨਤਾ ਨਿਰੀਖਣ ਕਰਨਗੀਆਂ।
ਇਹਨਾਂ ਸੰਸਥਾਵਾਂ ਦੀ ਸ਼ਮੂਲੀਅਤ ਬੋਰਡ ਨੂੰ ਮਾਨਤਾ ਪ੍ਰਕਿਰਿਆ ਸਬੰਧੀ ਪ੍ਰਾਪਤ ਹੋਈਆਂ ਢੇਰ ਸਾਰੀਆਂ ਸ਼ਿਕਾਇਤਾਂ ਨੂੰ ਘਟਾਉਣ ਲਈ ਅਹਿਮ ਸਾਬਤ ਹੋਵੇਗੀ ਅਤੇ ਸੂਬੇ ਦੀਆਂ ਸੰਸਥਾਵਾਂ ਵਿੱਚ ਬੁਨਿਆਦੀ ਢਾਂਚੇ ਸਬੰਥੀ ਕੌਮੀ ਮਾਪਦੰਡਾਂ ਨੂੰ ਲਾਗੂ ਕਰਨ ਵਿੱਚ ਮਦਦ ਕਰੇਗੀ।
ਇਸ ਨੂੰ ਪੜ੍ਹੋ:
ਪੰਜਾਬ ਦੇ ਸਿਹਤ ਮੰਤਰੀ ਨੇ ਐੱਚਆਈਵੀ/ਏਡਜ਼ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ 11 ਜਾਗਰੂਕਤਾ ਵੈਨਾਂ ਨੂੰ ਕੀਤਾ ਰਵਾਨਾ