Punjab Government's: ਕੁਦਰਤ ਦਾ ਅਸੂਲ ਹੈ ਕਿ ਬੇਈਮਾਨੀ , ਹੇਰਾਫੇਰੀ , ਜਬਰ , ਚੋਰੀ , ਯਾਰੀ ਅਤੇ ਫ਼ਰੇਬ ਆਦਿ ਵਰਗੇ ਮਾੜੇ ਧੰਦੇ ਵੱਧ ਸਮਾਂ ਲੁਕੇ ਨਹੀਂ ਰਹਿ ਸਕਦੇ। ਜਦੋਂ ਇਹ ਧੰਦੇ ਜੱਗ ਜ਼ਾਹਰ ਹੋ ਜਾਂਦੇ ਹਨ ਤਾਂ ਅਜੇਹੇ ਧੰਦਿਆਂ ਵਿੱਚ ਲਿਪਤ ਗੁਨਾਹਗਾਰ ਅੰਸਰ ਲੋਕਾਂ ਦੀਆਂ ਨਜ਼ਰਾਂ ਵਿੱਚ ਗਿਰ ਕੇ ਹੀਰੋ ਤੋਂ ਜ਼ੀਰੋ ਹੋ ਜਾਂਦੇ ਹਨ। ਕਸੂਰਵਾਰ ਅੰਸਰ ਭਾਵੇਂ ਕੋਈ ਵੀ ਸ਼ਕਤੀਸ਼ਾਲੀ ਵਿਅਕਤੀ , ਸੰਸਥਾ ਜਾਂ ਰਾਜਨੀਤਕ ਪਾਰਟੀ ਹੋਵੇ , ਉਹ ਮਜ਼ਲੂਮਾਂ ਦੇ ਗੁਸੇ ਦਾ ਸ਼ਿਕਾਰ ਹੋਣ ਤੋਂ ਬਚ ਨਹੀਂ ਸਕਦੇ। ਅਜੇਹੀਆਂ ਜਨਸਮੂਹ ਦੇ ਗੁਸੇ ਦੀਆਂ ਉਦਾਹਰਨਾਂ , ਰੂਸ ਦੇ ਇਨਕਲਾਬ ਅਤੇ ਫਰਾਂਸ ਦੀ ਕ੍ਰਾਂਤੀ ਵਰਗੇ ਸਬੂਤਾਂ ਵਜੋਂ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹਨ। ਇਨਾਂ ਜਨਸਮੂਹਾਂ ਵਲੋਂ ਰੂਹ ਨੂੰ ਕਾਂਬਾ ਛੇੜਨ ਵਾਲੇ ਦਰਦਨਾਕ ਖੂਨੀ ਸੰਘਰਸ਼ਾਂ ਦੇ ਖਤਰਨਾਕ ਸਿੱਟੇ , ਜਾਬਰ ਹੁਕਮਰਾਨਾਂ ਅਤੇ ਖੁਦਗਰਜਾਂ ਲਈ ਸਬਕ ਹਨ। ਪਰ ਆਪਣੀ ਹੌਮੇ ਨੂੰ ਪੱਠੇ ਪਾਉਣ ਵਾਲੇ ਲਾਲਸਾ ਦੇ ਸ਼ਿਕਾਰ ਲੋਕ ਆਪਣੀਆਂ ਭੈੜੀਆਂ ਹਰਕਤਾਂ ਤੋਂ ਫਿਰ ਵੀ ਬਾਜ਼ ਨਹੀਂ ਆਉਂਦੇ ਅਤੇ ਬੇਖੌਫ ਹੋਕੇ ਮਨਮਾਨੀਆਂ ਕਰਦੇ ਰਹਿੰਦੇ ਹਨ। ਖਾਸ ਕਰਕੇ ਹੁਕਮਰਾਨ ਪਾਰਟੀਆਂ ਦੇ ਆਗੂ ਸਿਆਸੀ ਤਾਕਤ ਦੇ ਨਸ਼ੇ ਵਿੱਚ ਲੋਕਾਂ ਨਾਲ ਧੋਖਾ ਅਤੇ ਧੱਕਾ ਕਰਦੇ ਹਨ। ਪੰਜਾਬ ਵਿੱਚ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਾਸੀਆਂ ਨਾਲ ਸ਼ਰੇਆਮ ਵਾਅਦਾ ਖਿਲਾਫੀ ਕਰ ਰਹੀ ਹੈ। ਲੋਕਾਂ ਨੂੰ ਮੈਨੀਫੈਸਟੋ ਵਿੱਚ ਦਿਤੀਆਂ ਗਰੰਟੀਆਂ ਅਨੁਸਾਰ ਕੁਝ ਇਕ ਰਿਆਇਤਾਂ ਕਰਜ਼ਾ ਚੁੱਕ ਕੇ ਦੇ ਦਿਤੀਆਂ ਅਤੇ ਇਨਾਂ ਸਹੂਲਤਾਂ ਨੂੰ ਜਾਰੀ ਰੱਖਣ ਲਈ ਹੋਰ ਕਰਜ਼ਾ ਲੈ ਲਿਆ। ਜਦੋਂ ਪੰਜਾਬ ਸਰਕਾਰ ਨੂੰ ਸੱਭ ਕਰਜ਼ਾ ਦੇਣ ਵਾਲਿਆਂ ਨੇ ਆਪਣੇ ਦਰਵਾਜ਼ੇ ਬੰਦ ਕਰ ਲਏ ਅਤੇ ਮੀਡੀਆ ਦਾ ਸਹਾਰਾ ਵੀ ਕਮਜ਼ੋਰ ਹੋ ਗਿਆ ਤਾਂ ਸਰਕਾਰ ਲਈ ਵੱਡੀ ਆਰਥਿਕ ਮਸੀਬਤ ਖੜੀ ਹੋ ਗਈ। ਅਖੀਰ ਰੰਗਲੇ ਪੰਜਾਬ ਦਾ ਫੋਕਾ ਹੱਕਾਂ ਦੇ ਕੇ ਹੋਂਦ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇਂ ਪੰਜਾਬ ਵਾਸੀਆਂ ਨੂੰ ਆਪਣੇ ਖਾਣ ਵਾਲੇ ਦੰਦ ਵਖਾ ਦਿੱਤੇ ਅਤੇ ਕੈਬਨਿਟ ਮੀਟਿੰਗ ਬੁਲਾ ਕੇ ਡੀਜ਼ਲ ਅਤੇ ਪੈਟਰੋਲ ਤੇ 90 ਪੈਸੇ ਪ੍ਰਤੀ ਲਿਟਰ ਵਾਧੂ ਟੈਕਸ ਲਗਾ ਦਿੱਤਾ। ਜਿਸ ਨੇ ਪੰਜਾਬ ਦੇ ਸੱਭ ਵਰਗਾਂ ਨਾਲ ਸਬੰਧਤ ਲੋਕਾਂ ਵਿੱਚ ਹਾਹਾਕਾਰ ਮੱਚਾ ਦਿਤੀ। ਇਸ ਕੈਬਨਿਟ ਮੀਟਿੰਗ ਦਾ ਖੂਬ ਪ੍ਰਚਾਰ ਕੀਤਾ ਗਿਆ ਸੀ ਅਤੇ ਲੋਕ ਕਿਸੇ ਚੰਗੇ ਐਲਾਨ ਦੀ ਆਸ ਲਾਈ ਬੈਠੇ ਸਨ । ਪਰ ਅਸਮਾਨੀ ਬਿਜਲੀ ਡਿੱਗਣ ਵਰਗਾ ਨਵੇ ਟੈਕਸ ਲਾਉਣ ਦਾ ਭਾਣਾ ਵਰਤਾ ਕੇ ਸਰਕਾਰ ਨੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਲੋਕਾਂ ਵਿੱਚ ਇਹ ਵੀ ਚਰਚਾ ਹੈ ਕਿ ਕਿਤੇ ਸਰਕਾਰ ਨੇ ਇਹ ਟੈਕਸ ਲਾ ਕੇ ਆਉਣ ਵਾਲੇ ਸਮੇਂ ਵਿੱਚ ਨਵੇਂ ਟੈਕਸ ਲਗਾਉਣ ਦਾ ਕੋਈ ਤਜਰਬਾ ਤਾਂ ਨਹੀਂ ਕੀਤਾ ? ਜੇ ਅਜੇਹਾ ਹੈ ਤਾਂ ਆਉ ਡੱਟ ਕੇ ਵਿਰੁੱਧ ਕਰੀਏ ਮੂੰਹ ਤੋੜਵਾਂ ਜਵਾਬ ਦੇਈਏ।