Arth Parkash : Latest Hindi News, News in Hindi
ਪੰਜਾਬ ਨੇ ਪਹਿਲੀ ਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਲ ਫਾਂਸੀ ਚੜ੍ਹਨ ਵਾਲੇ ਛੇ ਹੋਰ ਸ਼ਹੀਦਾਂ ਨੂੰ ਯਾਦ ਕੀਤਾ-ਮੁੱਖ ਮੰਤ ਪੰਜਾਬ ਨੇ ਪਹਿਲੀ ਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਲ ਫਾਂਸੀ ਚੜ੍ਹਨ ਵਾਲੇ ਛੇ ਹੋਰ ਸ਼ਹੀਦਾਂ ਨੂੰ ਯਾਦ ਕੀਤਾ-ਮੁੱਖ ਮੰਤਰੀ*
Wednesday, 15 Nov 2023 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

*ਪ੍ਰੈਸ ਨੋਟ-2*

 

*ਮੁੱਖ ਮੰਤਰੀ ਦਫ਼ਤਰ, ਪੰਜਾਬ*

 

*

*ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਪੰਜਾਬ ਵਿਰੋਧੀ ਤਾਕਤਾਂ ਦੀ ਸ਼ਹਿ ਪ੍ਰਾਪਤ ਨਸ਼ਾ-ਅੱਤਵਾਦ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਸੰਕਲਪ ਲੈਣ ਦਾ ਸੱਦਾ*

 

*ਨੌਜਵਾਨਾਂ ਦੀ ਬੇਅੰਤ ਊਰਜਾ ਨੂੰ ਸਹੀ ਦਿਸ਼ਾ ਵਿੱਚ ਲਾਉਣ ਲਈ ਸੂਬਾ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਪ੍ਰਗਟਾਈ*

 

*ਪੰਜਾਬ ਪੁਲਿਸ ਵਿੱਚ ਹਰੇਕ ਸਾਲ 2100 ਅਸਾਮੀਆਂ ਭਰੀਆਂ ਜਾਣਗੀਆਂ*

*ਲੁਧਿਆਣਾ, 16 ਨਵੰਬਰ*

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਨੂੰ ਨਸ਼ਿਆਂ ਦੀ ਅਲਾਮਤ ਤੋਂ ਮੁਕੰਮਲ ਤੌਰ ’ਤੇ ਮੁਕਤ ਕਰਨ ਲਈ ਸਮੂਹ ਪੰਜਾਬੀਆਂ ਨੂੰ ਪੰਜਾਬ ਵਿਰੋਧੀ ਤਾਕਤਾਂ ਦੀ ਸ਼ਹਿ ਪ੍ਰਾਪਤ ਨਸ਼ਾ-ਅੱਤਵਾਦ ਨੂੰ ਮੂੰਹ ਤੋੜਵਾਂ ਜਵਾਬ ਦੇਣ ਦਾ ਸੰਕਲਪ ਲੈਣ ਦਾ ਸੱਦਾ ਦਿੱਤਾ।

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਉਨ੍ਹਾਂ ਦੀ ਯਾਦ ਵਿੱਚ ਅੱਜ ਪੰਜਾਬ ਪੁਲਿਸ ਵੱਲੋਂ ਕਰਵਾਈ ਵਿਸ਼ਾਲ ਨਸ਼ਾ ਵਿਰੋਧੀ ਸਾਈਕਲ ਰੈਲੀ ਨੂੰ ਝੰਡੀ ਵਿਖਾ ਕੇ ਰਵਾਨਾ ਕਰਨ ਤੋਂ ਪਹਿਲਾਂ ਆਪਣੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਉਤੇ ਮੁੱਢ ਤੋਂ ਧਾੜਵੀ ਹਮਲੇ ਕਰਦੇ ਰਹੇ ਹਨ ਪਰ ਪੰਜਾਬੀਆਂ ਨੇ ਹਮੇਸ਼ਾ ਹੀ ਇਨ੍ਹਾਂ ਹਮਲਿਆਂ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਹੁਣ ਨਸ਼ਾ-ਅੱਤਵਾਦ ਦੇ ਖਿਲਾਫ਼ ਜੰਗ ਲੜਨੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਨਸ਼ੇ ਫੈਲਾਉਣ ਲਈ ਪੰਜਾਬ ਵਿਰੋਧੀ ਤਾਕਤਾਂ ਫੰਡ ਦੇ ਰਹੀਆਂ ਹਨ ਜੋ ਸੂਬੇ ਨੂੰ ਪੱਟੜੀ ਤੋਂ ਲਾਹੁਣਾ ਚਾਹੁੰਦੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਨਸ਼ਿਆਂ ਤੋਂ ਮੁਕਤ ਹੋਵੇਗਾ ਜਿਸ ਲਈ ਹਰੇਕ ਪੰਜਾਬੀ ਨੂੰ ਤਹੱਈਆ ਕਰਨਾ ਚਾਹੀਦਾ ਹੈ। 

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀਆਂ ਦੁਸ਼ਮਣ ਤਾਕਤਾਂ ਨਸ਼ੇੜੀਆਂ ਵਜੋਂ ਪੰਜਾਬੀਆਂ ਦਾ ਕੂੜ ਪ੍ਰਚਾਰ ਕਰਨ ਲਈ ਪੱਬਾਂ ਭਾਰ ਹਨ ਤਾਂ ਕਿ ਦੇਸ਼ ਸਾਹਮਣੇ ਸੂਬੇ ਦੀ ਗਲਤ ਤਸਵੀਰ ਪੇਸ਼ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਦੀਆਂ ਤੋਂ ਪੰਜਾਬ ਦੇਸ਼ ਦੀ ਖੜਗਭੁਜਾ ਰਿਹਾ ਹੈ ਅਤੇ ਇਸ ਨੂੰ ਦੇਸ਼ ਦਾ ਰਿਜ਼ਕ ਦੇਣ ਵਾਲਾ ਸੂਬਾ ਕਿਹਾ ਜਾਂਦਾ ਹੈ ਪਰ ਪੰਜਾਬੀਆਂ ਦੇ ਇਸ ਮਹਾਨ ਯੋਗਦਾਨ ਨੂੰ ਦਰਕਿਨਾਰ ਕਰਕੇ ਕੁਝ ਸਿਆਸੀ ਪਾਰਟੀਆਂ ਸੱਚੇ ਸਪੂਤਾਂ ਨੂੰ ਨਸ਼ੇੜੀ ਗਰਦਾਨ ਕੇ ਘਟੀਆ ਪ੍ਰਾਪੇਗੰਡਾ ਕਰ ਰਹੀਆਂ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਪੰਜਾਬ ਨੇ ਨਸ਼ਿਆਂ ਦੇ ਖਿਲਾਫ਼ ਆਰ-ਪਾਰ ਦੀ ਲੜਾਈ ਵਿੱਢ ਦਿੱਤੀ ਹੈ ਜਿਸ ਦੀ ਸ਼ੁਰੂਆਤ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਤੋਂ ਅਰਦਾਸ ਕਰਕੇ ਕੀਤੀ ਗਈ ਸੀ।

ਮੁੱਖ ਮੰਤਰੀ ਨੇ ਕਿਹਾ, “ਸਾਨੂੰ ਪੰਜਾਬ ਦੇ ਸ਼ਹੀਦਾਂ ਦੀ ਗਿਣਤੀ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਪੰਜਾਬ ਦੇ ਹਰੇਕ ਪਿੰਡ ਦੀ ਮਿੱਟੀ ਉਤੇ ਇਨ੍ਹਾਂ ਨਾਇਕਾਂ ਦੇ ਨਿਸ਼ਾਨ ਹਨ।” ਉਨ੍ਹਾਂ ਕਿਹਾ ਕਿ ਇਸ ਪਵਿੱਤਰ ਧਰਤੀ ਦਾ ਜਰ੍ਹਾ-ਜਰ੍ਹਾ ਮਹਾਨ ਗੁਰੂ ਸਾਹਿਬਾਨ, ਸੰਤਾਂ-ਮਹਾਂਪੁਰਸ਼ਾਂ, ਪੀਰਾਂ-ਪੈਗੰਬਰਾਂ ਅਤੇ ਸ਼ਹੀਦਾਂ ਦੀ ਛੋਹ ਪ੍ਰਾਪਤ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬੀਆਂ ਨੂੰ ਸਖ਼ਤ ਮਿਹਨਤ ਕਰਨ ਦੇ ਜਜ਼ਬੇ ਦਾ ਸੁਭਾਗ ਹਾਸਲ ਹੈ ਜਿਸ ਕਰਕੇ ਉਹ ਹਰੇਕ ਥਾਂ ਆਪਣਾ ਮਹੱਤਵ ਕਾਇਮ ਕਰ ਲੈਂਦੇ ਹਨ। 

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਖੇਡਾਂ ਨੂੰ ਹੁਲਾਰਾ ਦੇਣ 'ਤੇ ਵੱਡਾ ਜ਼ੋਰ ਦਿੱਤਾ ਹੈ ਜਿਸ ਨਾਲ ਨੌਜਵਾਨਾਂ ਦੀ ਅਸੀਮ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿੱਚ ਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਸੂਬਾ ਸਰਕਾਰ ਵੱਲੋਂ ਖਿਡਾਰੀਆਂ ਨੂੰ ਖੇਡਾਂ ਦੀ ਤਿਆਰੀ ਲਈ ਅਗਾਊਂ ਫੰਡ ਦਿੱਤੇ ਗਏ ਹਨ ਤਾਂ ਜੋ ਉਹ ਖੇਡ ਮੁਕਾਬਲਿਆਂ ਵਿੱਚ ਮੱਲਾਂ ਮਾਰ ਸਕਣ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸੇ ਦਾ ਨਤੀਜਾ ਹੈ ਕਿ ਪੰਜਾਬੀਆਂ ਨੇ ਹਾਲ ਹੀ ਵਿੱਚ ਸਮਾਪਤ ਹੋਈਆਂ ਏਸ਼ੀਅਨ ਖੇਡਾਂ ਵਿੱਚ 19 ਤਗਮੇ ਜਿੱਤੇ ਹਨ, ਜੋ ਕਿ ਏਸ਼ੀਆਡ ਦੀ ਸ਼ੁਰੂਆਤ ਤੋਂ ਹੁਣ ਤੱਕ ਜਿੱਤੇ ਗਏ ਸਭ ਤੋਂ ਵੱਧ ਤਗਮੇ ਹਨ।

 

ਮੁੱਖ ਮੰਤਰੀ ਨੇ ਕਿਹਾ ਕਿ ਉਹ ਭਲੀਭਾਂਤ ਜਾਣਦੇ ਹਨ ਕਿ ‘ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ’, ਇਸੇ ਲਈ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਉਹ ਕੰਮ ਵਿੱਚ ਲੱਗੇ ਰਹਿਣ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵਿੱਚ ਹਰੇਕ ਸਾਲ 2100 ਅਸਾਮੀਆਂ ਦੀ ਰੈਗੂਲਰ ਭਰਤੀ ਲਈ ਇਸ਼ਤਿਹਾਰ ਦਿੱਤਾ ਜਾ ਰਿਹਾ ਹੈ ਜਿਸ ਨਾਲ ਨੌਜਵਾਨਾਂ ਨੂੰ ਸਖ਼ਤ ਮਿਹਨਤ ਕਰਨ ਅਤੇ ਪੁਲਿਸ ਅਫ਼ਸਰ ਬਣਨ ਲਈ ਤਿਆਰੀ ਕਰਨ ਦੀ ਪ੍ਰੇਰਨਾ ਮਿਲਦੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਨਸ਼ਿਆਂ ਖਿਲਾਫ ਵੱਡੀ ਕਾਰਵਾਈ ਸ਼ੁਰੂ ਕੀਤੀ ਹੈ ਅਤੇ ਸਮੱਗਲਰਾਂ ਨੂੰ ਸਲਾਖਾਂ ਪਿੱਛੇ ਡੱਕਿਆ ਜਾ ਰਿਹਾ ਹੈ।

 

ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਸ ਵਿਸ਼ਾਲ ਸਾਈਕਲ ਰੈਲੀ ਵਿੱਚ ਹਰ ਵਰਗ ਦੇ ਲੋਕ ਹਿੱਸਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਪੰਜਾਬ ਵਿੱਚੋਂ ਸਮਾਜਿਕ ਬੁਰਾਈਆਂ ਦਾ ਸਫਾਇਆ ਕਰਕੇ ਸੂਬੇ ਨੂੰ ਮੋਹਰੀ ਬਣਾਉਣ ਲਈ ਲੋਕਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸ਼ੁਰੂਆਤ ਆਉਣ ਵਾਲੇ ਸਮੇਂ ਵਿੱਚ ‘ਰੰਗਲਾ ਪੰਜਾਬ’ ਸਿਰਜਣ ਵੱਲ ਇੱਕ ਵੱਡੀ ਪੁਲਾਂਘ ਹੈ।

ਇਸ ਇਤਿਹਾਸਕ ਦਿਹਾੜੇ 'ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਪਵਿੱਤਰ ਦਿਹਾੜੇ 'ਤੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਦਾ ਪ੍ਰਣ ਲੈਣ ਨਾਲ ਇਸ ਮਹਾਨ ਸ਼ਹੀਦ ਨੂੰ ਸਹੀ ਮਾਅਨਿਆਂ ਵਿੱਚ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਪਹਿਲਾਂ ਹੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਹਰ ਸਾਲ 16 ਨਵੰਬਰ ਨੂੰ ਗਜ਼ਟਿਡ ਛੁੱਟੀ ਐਲਾਨੀ ਜਾ ਚੁੱਕੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਨਾਲ ਸ਼ਹੀਦ ਦੀ ਗੌਰਵਮਈ ਵਿਰਾਸਤ ਦਾ ਪਾਸਾਰ ਕੀਤਾ ਜਾ ਸਕੇਗਾ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਿਤ ਹੋਣ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਮਹਾਨ ਸ਼ਹੀਦ ਨੇ ਛੋਟੀ ਉਮਰ ਵਿੱਚ ਹੀ ਆਪਣੇ ਵਤਨ ਨੂੰ ਬਰਤਾਨਵੀ ਸਾਮਰਾਜਵਾਦ ਦੇ ਚੁੰਗਲ ਵਿੱਚੋਂ ਆਜ਼ਾਦ ਕਰਵਾਉਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹਾਦਤ ਨੇ ਸ਼ਹੀਦ ਭਗਤ ਸਿੰਘ ਵਰਗੇ ਕਈ ਹੋਰ ਨੌਜਵਾਨਾਂ ਨੂੰ ਆਜ਼ਾਦੀ ਦੇ ਅੰਦੋਲਨ ਵਿੱਚ ਹਿੱਸਾ ਲੈਣ ਅਤੇ ਮਾਤ ਭੂਮੀ ਦੀ ਰਾਖੀ ਲਈ ਆਪਣੀਆਂ ਜਾਨਾਂ ਨਿਛਾਵਰ ਕਰਨ ਲਈ ਪ੍ਰੇਰਿਤ ਕੀਤਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦੇਸ਼ ਵਾਸੀ ਇਸ ਸ਼ਹੀਦ ਦੇ ਉਸ ਮਹਾਨ ਬਲਿਦਾਨ ਦੇ ਸਦਾ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਪੰਜਾਬ ਸਰਕਾਰ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਲ ਫਾਂਸੀ ਚੜ੍ਹਨ ਵਾਲੇ ਉਨ੍ਹਾਂ ਦੇ ਛੇ ਹੋਰ ਸਾਥੀਆਂ ਨੂੰ ਵੀ ਯਾਦ ਕੀਤਾ ਹੈ।

 

ਇਸ ਮੌਕੇ ਡੀ.ਜੀ.ਪੀ. ਗੌਰਵ ਯਾਦਵ ਅਤੇ ਹੋਰ ਸਿਵਲ ਤੇ ਪੁਲਿਸ ਅਧਿਕਾਰੀ ਵੀ ਮੌਜੂਦ ਸਨ।

-----