ਕ੍ਰਾਂਤੀਕਾਰੀ ਬਟੁਕੇਸ਼ਵਰ ਦੱਤ ਦੀ 60ਵੀਂ ਬਰਸੀ ਮੌਕੇ ਹੁਸੈਨੀਵਾਲਾ ਸ਼ਹੀਦੀ ਸਮਾਰਕ ’ਤੇ ਕੀਤੇ ਸ਼ਰਧਾ ਦੇ ਫੁੱਲ ਭੇਂਟ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਫ਼ਿਰੋਜ਼ਪੁਰ
ਕ੍ਰਾਂਤੀਕਾਰੀ ਬਟੁਕੇਸ਼ਵਰ ਦੱਤ ਦੀ 60ਵੀਂ ਬਰਸੀ ਮੌਕੇ ਹੁਸੈਨੀਵਾਲਾ ਸ਼ਹੀਦੀ ਸਮਾਰਕ ’ਤੇ ਕੀਤੇ ਸ਼ਰਧਾ ਦੇ ਫੁੱਲ ਭੇਂਟ
ਮਹਾਨ ਕ੍ਰਾਂਤੀਕਾਰਾਂ ਅਤੇ ਸ਼ਹੀਦਾਂ ਦੀ ਬਦੌਲਤ ਹੀ ਅਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ: ਰਣਬੀਰ ਭੁੱਲਰ
ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਸਾਡੇ ਸਾਰਿਆਂ ਦੀ ਜਿੰਮੇਵਾਰੀ: ਭਾਰਤੀ ਦੱਤ ਬਾਗਚੀ
ਫਿਰੋਜ਼ਪੁਰ 20 ਜੁਲਾਈ 2024.
ਦੇਸ਼ ਨੂੰ ਗੁਲਾਮੀ ਦੀਆਂ ਜੰਜ਼ੀਰਾਂ ਵਿੱਚੋਂ ਕੱਢਣ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਕ੍ਰਾਂਤੀਕਾਰੀ ਸ੍ਰੀ ਬੀ.ਕੇ. ਦੱਤ ਨੂੰ ਉਨ੍ਹਾਂ ਦੀ 60ਵੀਂ ਬਰਸੀ ਮੌਕੇ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ, ਸ੍ਰੀ ਬੀ.ਕੇ.ਦੱਤ ਦੀ ਬੇਟੀ ਡਾ. ਭਾਰਤੀ ਦੱਤ ਬਾਗਚੀ ਅਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਪਰਿਵਾਰਕ ਮੈਂਬਰਾਂ ਨੇ ਹੁਸੈਨੀਵਾਲਾ ਵਿਖੇ ਸ਼ਹੀਦੀ ਸਮਾਰਕ ਤੇ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਮੌਕੇ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਦੇਸ਼ ਨੂੰ ਗੁਲਾਮੀ ਦੀਆਂ ਜੰਜੀਰਾਂ ਤੋਂ ਆਜ਼ਾਦ ਕਰਾਉਣ ਲਈ ਅਨੇਕਾਂ ਦੇਸ਼ ਭਗਤਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ ਜਿਸ ਦੇ ਫਲ ਸਰੂਪ ਅਸੀਂ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਸ਼ਹੀਦਾਂ ਦੇ ਦਿਖਾਏ ਗਏ ਮਾਰਗ ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਸੁਤੰਤਰਤਾ ਸੰਗਰਾਮ ਵਿੱਚ ਮਾਤ ਭੂਮੀ ਲਈ ਆਪਣੇ ਜੀਵਨ ਦਾ ਬਲੀਦਾਨ ਦੇਣ ਵਾਲੇ ਸ਼ਹੀਦਾਂ ਨੂੰ ਅੱਜ ਸ਼ਰਧਾਂਜਲੀ ਭੇਟ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੀ.ਕੇ. ਦੱਤ ਵੱਲੋਂ ਆਜ਼ਾਦੀ ਸੰਗਰਾਮ ਵਿੱਚ ਪਾਏ ਗਏ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅੱਗੇ ਤੋਂ ਵੀ ਹਰ ਸਾਲ ਏਥੇ ਆਉਣ ਅਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ।
ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਮੌਕੇ ਸ੍ਰੀ ਬੀ.ਕੇ. ਦੱਤ ਦੀ ਬੇਟੀ ਡਾ. ਭਾਰਤੀ ਦੱਤ ਬਾਗਚੀ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਦੇਸ਼ ਲਈ ਦਿੱਤੀ ਗਈ ਕੁਰਬਾਨੀ ਆਜ਼ਾਈ ਨਹੀਂ ਗਈ, ਦੇਸ਼ ਵਾਸੀਆਂ ਵੱਲੋਂ ਉਨ੍ਹਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ ਅਤੇ ਅੱਜ ਉਨ੍ਹਾਂ ਦੀ 60ਵੀਂ ਬਰਸੀ ਮੌਕੇ ਉਨ੍ਹਾਂ ਨਾਲ ਹੋਰਨਾਂ ਸ਼ਹੀਦਾਂ ਦੇ ਪਰਿਵਾਰ ਵੀ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਹੁਸੈਨੀਵਾਲਾ ਵਿਖੇ ਆਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਸ੍ਰੀ ਬੀ.ਕੇ.ਦੱਤ ਦੀ ਇੱਛਾ ਸੀ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਹੁਸੈਨੀਵਾਲਾ ਵਿਖੇ ਕੀਤਾ ਜਾਵੇ ਅਤੇ ਸਮਾਧੀ ਬਣਾਈ ਜਾਵੇ, ਜੋ ਕਿ ਸਰਕਾਰ ਨੇ ਉਨ੍ਹਾਂ ਦੀ ਇੱਛਾ ਪੂਰੀ ਕੀਤੀ ਹੈ ਅਤੇ ਉਨ੍ਹਾਂ ਦੀ ਸਮਾਧੀ ਵੀ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਬਣਾਈ ਗਈ ਹੈ। ਉਨ੍ਹਾਂ ਕਿਹਾ ਆਜ਼ਾਦੀ ਦੀ ਲੜਾਈ ਵਿੱਚ ਸ਼ਹੀਦ ਹੋਏ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਸਾਡੇ ਸਾਰਿਆਂ ਦੀ ਜਿੰਮੇਵਾਰੀ। ਉਨ੍ਹਾਂ ਕਿਹਾ ਕਿ ਸਮੁੱਚਾ ਦੇਸ਼ ਆਪਣੇ ਇਸ ਸੱਚੇ ਸਪੂਤ ਦਾ ਹਮੇਸ਼ਾ ਕਰਜ਼ਦਾਰ ਰਹੇਗਾ, ਜਿਸ ਨੇ ਆਪਣਾ ਜੀਵਨ ਆਜ਼ਾਦੀ ਦੇ ਲੇਖੇ ਲਾਇਆ। ਇਸ ਉਪਰੰਤ ਸ਼ਹੀਦਾਂ ਦੇ ਪਰਿਵਾਰਾਂ ਨੇ ਤੂੜੀ ਬਜ਼ਾਰ ਫਿਰੋਜ਼ਪੁਰ ਸ਼ਹਿਰ ਵਿਖੇ ਸ਼ਹੀਦਾਂ ਨਾਲ ਜੁੜੀ ਯਾਦਗਾਰ ਇਮਾਰਤ ਨੂੰ ਵੀ ਦੇਖਿਆ ਗਿਆ ਜਿੱਥੇ ਕੌਮ ਦੇ ਸ਼ਹੀਦ ਉਸ ਸਮੇਂ ਰਿਹਾ ਕਰਦੇ ਸਨ ਅਤੇ ਆਪਣੇ ਸਾਥੀਆਂ ਨਾਲ ਮੀਟਿੰਗਾਂ ਕਰਦੇ ਸਨ। ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਸ੍ਰੀ ਬੀ.ਕੇ. ਦੱਤ ਦੀ ਬਰਸੀ ਮੌਕੇ 125 ਪੌਦੇ ਸ੍ਰੀ ਇੰਦਰ ਚਾਵਲਾ ਵੱਲੋਂ ਵੰਡੇ ਗਏ ਜੋ ਕੇ ਹੁਸੈਨੀਵਾਲਾ ਵਿਖੇ ਲਗਾਏ ਜਾਣਗੇ। ਇਸ ਉਪਰੰਤ ਹਾਰਮਨੀ ਆਯੂਰਵੈਦਿਕ ਕਾਲਜ ਵਿਖੇ ਸ਼ਹੀਦਾਂ ਦੇ ਪਰਿਵਾਰਾਂ ਲਈ ਕਾਲਜ ਦੇ ਡਾਇਰੈਕਟਰ ਯੋਗੇਸ਼ ਬਾਂਸਲ ਤੇ ਸਟਾਫ ਵੱਲੋ ਸਨਮਾਨ ਸਮਾਰੋਹ ਰੱਖਿਆ ਗਿਆ।
ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਅਮਰੀਕ ਸਿੰਘ,ਨੈਸ਼ਨਲ ਐਵਾਰਡੀ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਅਤੇ ਸ੍ਰੀ ਅਸ਼ੋਕ ਬਹਿਲ ਸਕੱਤਰ ਰੈੱਡ ਕਰਾਸ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਤੇ ਹੋਰ ਪੰਤਵੰਤਿਆ ਨੂੰ ਜੀ ਆਇਆਂ ਕਿਹਾ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਵਿਧਾਇਕ ਸ. ਰਣਬੀਰ ਸਿੰਘ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ।ਸ੍ਰੀ ਪ੍ਰਦੀਪ ਦੇਸਵਾਲ ਵੱਲੋ ਜ਼ਿਲ੍ਹਾ ਪ੍ਰਸਾਸ਼ਨ ਤੇ ਕਾਲਜ ਕਮੇਟੀ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਸ੍ਰੀ ਚਰਨਜੀਤ ਸਿੰਘ ਭਤੀਜਾ ਸ਼ਹੀਦ ਭਗਤ ਸਿੰਘ, ਭਾਸਕਰ ਦੱਤ ਬਾਗਚੀ ਬੇਟਾ ਭਾਰਤੀ ਦੱਤ, ਨਿਲਾਂਜਨ ਦੱਤ ਬਾਗਚੀ ਬੇਟਾ ਭਾਰਤੀ ਦੱਤ, ਦੇਵੋਲੀਨਾ ਪੁੱਤਰ ਨੂੰਹ ਭਾਰਤੀ ਦੱਤ, ਰਾਜਗੁਰੂ ਦੇ ਪੋਤੇ ਸਤਿਆਸ਼ੀਲ, ਅਨੂਜ ਥਾਪਰ ਸੁਖਦੇਵ ਜੀ ਦੇ ਪੋਤੇ, ਡਾਕਟਰ ਗਇਆ ਪ੍ਰਸ਼ਾਦ ਦਾ ਬੇਟਾ ਕ੍ਰਾਂਤੀ ਕੁਮਾਰ ਅਤੇ ਪੋਤਾ ਕੁਮਾਰ ਆਜ਼ਾਦ, ਗੱਟੀ ਰਾਜੋ ਕੇ ਸਰਕਾਰੀ ਸਕੂਲ ਦੇ ਟੀਚਰ ਪ੍ਰਿਤਪਾਲ ਸਿੰਘ, ਤੇਜਿੰਦਰ ਸਿੰਘ, ਅਰੁਣ ਕੁਮਾਰ, ਵਿਸ਼ਾਲ ਗੁਪਤਾ ਆਦਿ ਹਾਜ਼ਰ ਸਨ।