ਫ਼ਿਰੋਜ਼ਪੁਰ-ਫ਼ਾਜ਼ਿਲਕਾ ਮਾਰਗ ‘ਤੇ ਕੈਂਟਰ ਅਤੇ ਮਹਿੰਦਰਾ ਪਿਕਅੱਪ ਵਿਚਕਾਰ ਹੋਏ ਮੰਦਭਾਗੇ ਹਾਦਸੇ ‘ਚ 11 ਵਿਅਕਤੀਆਂ ਦੀ ਮੌ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫ਼ਿਰੋਜ਼ਪੁਰ
ਫ਼ਿਰੋਜ਼ਪੁਰ-ਫ਼ਾਜ਼ਿਲਕਾ ਮਾਰਗ ‘ਤੇ ਕੈਂਟਰ ਅਤੇ ਮਹਿੰਦਰਾ ਪਿਕਅੱਪ ਵਿਚਕਾਰ ਹੋਏ ਮੰਦਭਾਗੇ ਹਾਦਸੇ ‘ਚ 11 ਵਿਅਕਤੀਆਂ ਦੀ ਮੌਤ
ਪੰਜਾਬ ਸਰਕਾਰ ਮੰਦਭਾਗੇ ਹਾਦਸੇ ‘ਚ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਵੇਗੀ ਅਤੇ ਜ਼ਖਮੀਆਂ ਦਾ ਇਲਾਜ ਕਰਾਏਗੀ: ਫੌਜਾ ਸਿੰਘ ਸਰਾਰੀ
ਵਿਧਾਇਕ ਗੁਰੂਹਰਸਹਾਏ ਫੌਜਾ ਸਿੰਘ ਸਰਾਰੀ ਅਤੇ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਵੱਲੋਂ ਸਿਵਲ ਹਸਪਤਾਲ ਫ਼ਿਰੋਜ਼ਪੁਰ ਦਾ ਦੌਰਾ; ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਵੰਡਾਇਆ; ਜ਼ਖ਼ਮੀਆਂ ਦੀ ਜਲਦ ਸਿਹਤਯਾਬੀ ਦਾ ਉਮੀਦ ਜਤਾਈ
ਫ਼ਿਰੋਜ਼ਪੁਰ, 31 ਜਨਵਰੀ, 2025:
ਅੱਜ ਸਵੇਰੇ ਜ਼ਿਲ੍ਹਾ ਫ਼ਿਰੋਜ਼ਪੁਰ ਅਧੀਨ (ਫ਼ਿਰੋਜ਼ਪੁਰ-ਫ਼ਾਜ਼ਿਲਕਾ ਮਾਰਗ) ਪੈਂਦੇ ਪਿੰਡ ਮੋਹਣ ਕੇ ਹਿਠਾੜ ਨੇੜੇ ਗੁਰੂਹਰਸਹਾਏ ਵਿਖੇ ਕੈਂਟਰ ਅਤੇ ਮਹਿੰਦਰਾ ਪਿਕਅੱਪ ਵਿਚਕਾਰ ਹੋਏ ਮੰਦਭਾਗੇ ਹਾਦਸੇ ‘ਚ 11 ਵਿਅਕਤੀਆਂ ਦੀ ਮੌਤ ਹੋ ਗਈ। ਹਾਦਸਾਗ੍ਰਸਤਾਂ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਫਿ਼ਰੋਜ਼ਪੁਰ ਵੱਲੋਂ ਐਂਬੂਲੈਂਸਾਂ ਰਾਹੀਂ ਹਸਪਤਾਲ ਵਿਖੇ ਇਲਾਜ਼ ਲਈ ਪਹੁੰਚਾਇਆ ਗਿਆ।
ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਵਿਧਾਇਕ ਸ. ਫ਼ੌਜਾ ਸਿੰਘ ਸਰਾਰੀ ਨੇ ਇਸ ਮੰਦਭਾਗੀ ਘਟਨਾ ਵਾਪਰਨ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਜ਼ਖ਼ਮੀਆਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਸ ਮੰਦਭਾਗੀ ਘਟਨਾ ‘ਚ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਅਤੇ ਇਸ ਹਾਦਸੇ ‘ਚ ਜ਼ਖਮੀ ਮਰੀਜ਼ਾਂ ਦਾ ਪੂਰਾ ਇਲਾਜ ਕਰਵਾਇਆ ਜਾਵੇਗਾ।
ਵਿਧਾਇਕ ਸ. ਫੌਜਾ ਸਿੰਘ ਸਰਾਰੀ ਅਤੇ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਸਿਵਲ ਹਸਪਤਾਲ ਫ਼ਿਰੋਜ਼ਪੁਰ ਦਾ ਦੌਰਾ ਕਰਕੇ ਜ਼ਖਮੀਆਂ ਦਾ ਹਾਲ ਜਾਣਿਆ ਅਤੇ ਉਨ੍ਹਾਂ ਦਾ ਸਮੁੱਚਾ ਇਲਾਜ਼ ਸੂਬਾ ਸਰਕਾਰ ਵੱਲੋਂ ਕਰਾਉਣ ਦਾ ਭਰੋਸਾ ਦਿੱਤਾ।
ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 10 ਜ਼ਖ਼ਮੀ ਮੈਡੀਕਲ ਕਾਲਜ ਫਰੀਦਕੋਟ ਵਿਖੇ, 4 ਜ਼ਖ਼ਮੀ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਅਤੇ 1 ਜ਼ਖਮੀ ਬਾਗੀ ਹਸਪਤਾਲ ਫ਼ਿਰੋਜ਼ਪੁਰ ਵਿਖੇ ਜ਼ੇਰੇ ਇਲਾਜ਼ ਹੈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਮ੍ਰਿਤਕਾਂ ਦਾ ਪੋਸਟ ਮਾਰਟਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੋਸਟ ਮਾਰਟਮ ਸਮੇਤ ਸਮੁੱਚੀਆਂ ਲੋੜੀਂਦੀਆਂ ਪ੍ਰਕਿਰਿਆਵਾਂ ਮੁਕੰਮਲ ਕਰਕੇ ਮ੍ਰਿਤਕ ਸਰੀਰ ਵਾਰਿਸਾਂ ਨੂੰ ਸੌਂਪ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਸ ਮਾਮਲੇ ‘ਤੇ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਮਹਿੰਦਰਾ ਪਿਕਅੱਪ ਗੱਡੀ ‘ਚ ਵੇਟਰ ਕਿਸੇ ਵਿਆਹ ਸਮਾਗਮ ‘ਚ ਕੰਮ ਕਰਨ ਲਈ ਜਾ ਰਹੇ ਸਨ।ਇਸੇ ਦੌਰਾਨ ਪਿੱਕਅੱਪ ਦੀ ਕੈਂਟਰ ਨਾਲ ਟੱਕਰ ਹੋ ਗਈ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਵੀ ਇਸ ਦਰਦਨਾਕ ਹਾਦਸੇ ਤੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਟਵੀਟ ਕਰਕੇ ਪਰਮਾਤਮਾ ਅੱਗੇ ਵਿੱਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਅਤੇ ਜ਼ਖ਼ਮੀਆਂ ਦੀ ਜਲਦ ਸਿਹਤਯਾਬੀ ਲਈ ਅਰਦਾਸ ਕੀਤੀ ਹੈ।
© 2022 Copyright. All Rights Reserved with Arth Parkash and Designed By Web Crayons Biz