Hindi
Rajdeep Singh Toor

ਰਾਜਿੰਦਰ ਰਾਜ਼ ਸਵੱਦੀ ਦਾ ਸਮੁੱਚਾ ਕਹਾਣੀ ਸਾਹਿੱਤ “ਜ਼ਿੰਦਗੀ ਵਿਕਦੀ ਨਹੀਂ” ਲੋਕ ਅਰਪਣ

ਰਾਜਿੰਦਰ ਰਾਜ਼ ਸਵੱਦੀ ਦਾ ਸਮੁੱਚਾ ਕਹਾਣੀ ਸਾਹਿੱਤ “ਜ਼ਿੰਦਗੀ ਵਿਕਦੀ ਨਹੀਂ” ਲੋਕ ਅਰਪਣ

ਗਜ਼ਲ ਮੰਚ ਸਰੀ (ਕੈਨੇਡਾ)ਵੱਲੋਂ ਪੰਜਾਬੀ ਸ਼ਾਇਰ ਰਾਜਦੀਪ ਸਿੰਘ ਤੂਰ ਨਾਲ ਵਿਸ਼ੇਸ਼ ਮਿਲਣੀ

ਰਾਜਿੰਦਰ ਰਾਜ਼ ਸਵੱਦੀ ਦਾ ਸਮੁੱਚਾ ਕਹਾਣੀ ਸਾਹਿੱਤ “ਜ਼ਿੰਦਗੀ ਵਿਕਦੀ ਨਹੀਂ” ਲੋਕ ਅਰਪਣ

ਲੁਧਿਆਣਾਃ 11 ਜੂਨ

ਗ਼ਜ਼ਲ ਮੰਚ ਸਰੀ ਵੱਲੋਂ ਜਗਰਾਉਂ (ਪੰਜਾਬ) ਤੋਂ ਆਏ ਸ਼ਾਇਰ ਰਾਜਦੀਪ ਸਿੰਘ ਤੂਰ ਨਾਲ ਵਿਸ਼ੇਸ਼ ਮਿਲਣੀ ਕੀਤੀ ਗਈ। ਮੰਚ ਦੇ ਸਕੱਤਰ ਦਵਿੰਦਰ ਗੌਤਮ ਨੇ ਮੰਚ ਵੱਲੋਂ ਰਾਜਦੀਪ ਸਿੰਘ ਤੂਰ ਦਾ ਸਵਾਗਤ ਕੀਤਾ ਅਤੇ ਉਸ ਦੀ ਸਾਹਿੱਤ ਸਿਰਜਣਾ ਬਾਰੇ ਜਾਣਕਾਰੀ ਮੰਚ ਦੇ ਦੋਸਤਾਂ ਨਾਲ ਸਾਂਝੀ ਕੀਤੀ। ਗੌਤਮ ਨੇ ਦੱਸਿਆ ਕਿ ਰਾਜਦੀਪ ਸਿੰਘ ਤੂਰ ਪੰਜਾਬੀ ਦਾ ਪਿਆਰਾ ਸ਼ਾਇਰ ਹੈ ਜਿਸ ਦਾ ਗ਼ਜ਼ਲ ਸੰਗ੍ਰਹਿ “ਰੂਹ ਵੇਲ਼ਾ “ ਬਹੁਤ ਹਰਮਨ ਪਿਆਰਾ ਹੋਣ ਕਾਰਨ ਥੋੜੇ ਸਮੇਂ ਵਿੱਚ ਹੀ ਦੋ ਵਾਰ ਛਪ ਚੁਕਾ ਹੈ। ਲੁਧਿਆਣੇ ਜ਼ਿਲ੍ਹੇ ਦੇ ਪਿੰਡ ਸਵੱਦੀ ਕਲਾਂ ਦੇ ਜੰਮਪਲ ਰਾਜਦੀਪ ਸਿੰਘ ਤੂਰ ਨੂੰ ਲਿਖਣ ਦੀ ਚੇਟਕ ਆਪਣੇ ਪਿਤਾ ਰਾਜਿੰਦਰ ਰਾਜ਼ ਸਵੱਦੀ ਤੋਂ ਲੱਗੀ। ਉਸ ਦੇ ਪਿਤਾ ਆਪਣੇ ਸਮੇਂ ਦੇ ਵਧੀਆ ਕਹਾਣੀ ਲੇਖਕ ਸਨ। ਉਨ੍ਹਾਂ ਦੀ ਸਮੁੱਚੀ ਕਹਾਣੀ ਰਚਨਾ ਇਥੇ ਲੋਕ ਅਰਪਨ ਕਰਨਾ ਮੰਚ ਲਈ ਮਾਣ ਵਾਲੀ ਗੱਲ ਹੈ।
 ਉਨ੍ਹਾਂ ਕਿਹਾ ਕਿ ਰਾਜਦੀਪ ਤੂਰ ਦੀ ਸ਼ਾਇਰੀ ਸਮਾਜਿਕ ਸਰੋਕਾਰਾਂ ਨਾਲ ਲਬਰੇਜ਼ ਹੈ। ਉਸ ਦੀਆਂ ਗ਼ਜ਼ਲਾਂ ਸ਼ਾਇਰ ਦੀ ਸਮਾਜਿਕ ਚੇਤਨਤਾ ਨੂੰ ਬਾਖੂਬੀ ਦਰਸਾਉਂਦੀਆਂ ਹਨ। ਉਦਾਸੀ ਅਤੇ ਨਿਰਾਸ਼ਾ ਨੂੰ ਉਸਾਰੂ ਰੂਪ ਵਿੱਚ ਪ੍ਰਗਟ ਕਰ ਕੇ ਜ਼ਿੰਦਗੀ ਨੂੰ ਸਮਝਣ ਅਤੇ ਮਾਨਣ ਦਾ ਸੁਨੇਹਾ ਉਹ ਆਪਣੀ ਸ਼ਾਇਰੀ ਰਾਹੀਂ ਦਿੰਦਾ ਹੈ।
ਰਾਜਦੀਪ ਤੂਰ ਨੇ ਆਪਣੇ ਸਾਹਿਤਕ  ਸਫ਼ਰ ਤੋਂ ਜਾਣੂੰ ਕਰਵਾਉਂਦਿਆਂ ਦੱਸਿਆ ਕਿ ਉਸ ਦਾ ਇੱਕ ਗਜ਼ਲ ਸੰਗ੍ਰਹਿ ‘ਰੂਹ ਵੇਲਾ’ ਪ੍ਰਕਾਸ਼ਿਤ ਹੋ ਚੁੱਕਿਆ ਹੈ। ਇਹ ਗਜ਼ਲ ਸੰਗ੍ਰਹਿ ਪਾਕਿਸਤਾਨ ਅੰਦਰ ਸ਼ਾਹਮੁਖੀ ਵਿੱਚ ਵੀ ਆਸਿਫ਼ ਰਜ਼ਾ ਵੱਲੋਂ ਲਿਪੀਅੰਤਰ ਹੋ ਕੇ ਛਪ ਚੁੱਕਿਆ ਹੈ। ਇਸ ਤੋਂ ਇਲਾਵਾ ਕਈ ਸਾਂਝੀਆਂ ਕਾਵਿ-ਪੁਸਤਕਾਂ ਵਿਚ ਵੀ ਉਸ ਦੀਆਂ ਰਚਨਾਵਾਂ ਸ਼ਾਮਲ ਹਨ। ਪੰਜਾਬੀ ਭਵਨ ਲੁਧਿਆਣਾ ਦੀਆਂ ਸਾਹਿਤਕ  ਸਰਗਰਮੀਆਂ ਤੇ ਕਵਿਤਾ ਕੁੰਭ ਬਾਰੇ ਵੀ ਉਸ ਨੇ ਖੁੱਲ੍ਹ ਕੇ ਗੱਲਬਾਤ ਕੀਤੀ। ਪੰਜਾਬ ਵਿਚਲੀਆਂ ਸਾਹਿਤ ਸਭਾਵਾਂ ਅਤੇ ਕਨੇਡੀਅਨ ਸਾਹਿਤ ਸਰਗਰਮੀਆਂ ਬਾਰੇ ਵੀ ਗੱਲਬਾਤ ਹੋਈ। ਰਾਜਦੀਪ ਨੇ ਦੱਸਿਆ ਕਿ ਪੰਜਾਬ ਦੇ ਸਾਹਿਤਿਕ ਹਲਕਿਆਂ ਵਿੱਚ ਗ਼ਜ਼ਲ ਮੰਚ ਸਰੀ ਦੀ ਗੂੜ੍ਹੀ ਪਛਾਣ ਬਣ ਚੁੱਕੀ ਹੈ ਅਤੇ ਵਿਸ਼ੇਸ਼ ਕਰਕੇ ਪੰਜਾਬੀ ਗ਼ਜ਼ਲਗੋ ਇਸ ਸੰਸਥਾ ਦੀਆਂ ਸਰਗਰਮੀਆਂ ਅਤੇ ਇਸ ਦੇ ਸ਼ਾਇਰਾਂ ਤੋਂ ਬੇਹੱਦ ਪ੍ਰਭਾਵਿਤ ਹੋ ਰਹੇ ਹਨ। ਇਸ ਮੌਕੇ ਉਸ ਨੇ ਆਪਣੀਆਂ ਕੁਝ ਗਜ਼ਲਾਂ ਮੰਚ ਦੇ ਸ਼ਾਇਰਾਂ ਨਾਲ ਸਾਂਝੀਆਂ ਕੀਤੀਆਂ।
ਰਾਜਦੀਪ ਤੂਰ ਨੇ ਆਪਣੇ ਸਵਰਗੀ ਪਿਤਾ ਰਾਜਿੰਦਰ ਰਾਜ਼ ਸਵੱਦੀ ਦੇ ਕਹਾਣੀ ਸੰਗ੍ਰਹਿ ‘ਜ਼ਿੰਦਗੀ ਵਿਕਦੀ ਨਹੀਂ’ ਨੂੰ ਮੁੜ ਪ੍ਰਕਾਸ਼ਿਤ ਕਰਨ ਬਾਰੇ ਵੀ ਦੱਸਿਆ ਇਹ ਕਿਤਾਬ ਗਜ਼ਲ ਮੰਚ ਦੇ ਮੈਂਬਰਾਂ ਵੱਲੋਂ ਲੋਕ ਅਰਪਨ  ਕੀਤੀ ਗਈ। ਇਸੇ ਤਰ੍ਹਾਂ ਮੰਚ ਦੇ ਮੈਂਬਰਾਂ ਕੋਲ ਪਹੁੰਚੀ ਪ੍ਰਸਿੱਧ ਪੰਜਾਬੀ ਸ਼ਾਇਰ ਸੁਰਿੰਦਰਪ੍ਰੀਤ ਘਣੀਆ ਬਾਰੇ ਪ੍ਰਕਾਸ਼ਿਤ ਪੁਸਤਕ ‘ਸੁਰਿੰਦਰਪ੍ਰੀਤ ਘਣੀਆ ਦੀ ਗਜ਼ਲ ਚੇਤਨਾ’ ਵੀ ਮੰਚ ਵੱਲੋਂ ਰਿਲੀਜ਼ ਕੀਤੀ ਗਈ।
ਇਸ ਸਾਹਿਤਿਕ ਇਕੱਤਰਤਾ ਦੌਰਾਨ ਗ਼ਜ਼ਲ ਮੰਚ ਦੇ ਪ੍ਰਧਾਨ ਜਸਵਿੰਦਰ, ਰਾਜਵੰਤ ਰਾਜ, ਦਵਿੰਦਰ ਗੌਤਮ, ਕ੍ਰਿਸ਼ਨ ਭਨੋਟ, ਹਰਦਮ ਸਿੰਘ ਮਾਨ, ਪ੍ਰੀਤ ਮਨਪ੍ਰੀਤ, ਦਸ਼ਮੇਸ਼ ਗਿੱਲ ਫਿਰੋਜ਼, ਗੁਰਮੀਤ ਸਿੱਧੂ ਅਤੇ ਬਿੰਦੂ ਮਠਾੜੂ ਮੌਜੂਦ ਸਨ।


Comment As:

Comment (0)